ਲਹਿਰਾ ਮੁਹੱਬਤ, 17 ਅਪ੍ਰੈਲ ( ਸੁਖਪਾਲ ਸਿੰਘ ਸੁੱਖੀ): ਇੰਪਲਾਇਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਅਤੇ ਜੇ.ਈ ਐਸੋਸੀਏਸ਼ਨ, ਗਰਿੱਡ ਸਬ ਸਟੇਸ਼ਨ ਇੰਪਲਾਇਜ਼ ਯੂਨੀਅਨ ਅਤੇ (ਪਾਵਰਕਾਮ ਦੀਆਂ 16 ਤੋਂ ਵੱਧ ਜਥੇਬੰਦੀਆਂ) ਵਲੋਂ 10 ਅਪ੍ਰੈਲ ਨੂੰ ਹੈੱਡ ਆਫ਼ਿਸ ਪਟਿਆਲਾ ਵਿਖੇ ਦਿਤੇ ਧਰਨੇ ਉਪਰੰਤ ਬਿਜਲੀ ਮੰਤਰੀ ਵਲੋਂ 16 ਅਪ੍ਰੈਲ ਨੂੰ ਆਪਣੇ ਦਫ਼ਤਰ ਬੁਲਾ ਕੇ ਮੰਗਾਂ ਪ੍ਰਤੀ ਦਿਲਚਸਪੀ ਨਾ ਦਿਖਾਉਣਾ ਅਤੇ ਜਥੇਬੰਦੀਆਂ ਦੇ ਆਗੂਆਂ ਨਾਲ ਨਾਰਾਜ਼ਗੀ ਦਿਖਾਉਣ ਵਿਰੁੱਧ ਅੱਜ ਬਿਜਲੀ ਮੰਤਰੀ ਦੇ ਪੁਤਲੇ ਫੂਕਣ ਦਾ ਪ੍ਰੋਗਰਾਮ ਉਲੀਕਿਆ ਗਿਆ। ਇਸ ਅਰਥੀ ਫੂਕ ਪ੍ਰਦਰਸ਼ਨ ਵਿਚ ਥਰਮਲ ਪਲਾਂਟ ਲਹਿਰਾ ਮੁਹੱਬਤ ਦੀਆਂ ਜਥੇਬੰਦੀ ਇੰਪਲਾਇਜ਼ ਫੈਡਰੇਸ਼ਨ ਚਾਹਲ ਗਰੁੱਪ, ਮਨਿਸਟਰੀਅਲ ਸਰਵਿਸ ਯੂਨੀਅਨ ਅਤੇ ਗਰਿੱਡ ਸਬ ਸਟੇਸ਼ਨ ਇੰਪਲਾਇਜ਼ ਯੂਨੀਅਨ ਦੇ ਆਗੂ ਅਤੇ ਮੈਂਬਰ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਇਸ ਸਮੇਂ ਬਲਜੀਤ ਸਿੰਘ ਬਰਾੜ, ਰਜਿੰਦਰ ਸਿੰਘ ਨਿੰਮਾ, ਸੁਖਦੇਵ ਸਿੰਘ ਗਰੇਵਾਲ, ਅਵਤਾਰ ਸਿੰਘ ਲਖਵੰਤ ਸਿੰਘ ਬਾਂਡੀ ਵਲੋਂ ਬੋਲਦਿਆਂ ਦੱਸਿਆ ਗਿਆ 14 ਅਗਸਤ 2025 ਨੂੰ ਵਿੱਤ ਮੰਤਰੀ ਅਤੇ 14 ਜਨਵਰੀ 2026 ਨੂੰ ਬਿਜਲੀ ਮੰਤਰੀ ਨਾਲ ਹੋਈਆਂ ਮੀਟਿੰਗਾਂ ਵਿਚ ਕੁੱਝ ਸਹਿਮਤੀਆਂ ਬਣੀਆਂ ਸਨ, ਜਿਨ÷ ਾਂ ਨੂੰ ਮੈਨੇਜਮੈਂਟ ਲਾਗੂ ਕਰਨ ਲਈ ਟਾਲਮਟੋਲ ਕਰ ਰਹੀ ਹੈ। ਜਿਸ ਕਰਕੇ ਮਜਬੂਰਨ ਸੰਘਰਸ਼ ਕਰਨਾ ਪੈ ਰਿਹਾ। ਬੁਲਾਰਿਆਂ ਨੇ ਦੱਸਿਆ ਕਿ ਬਿਜਲੀ ਮੰਤਰੀ ਬਿਜਲੀ ਬੋਰਡ ਨੂੰ ਆਪਣੀ ਨਿੱਜੀ ਜਾਇਦਾਦ ਸਮਝ ਰਹੇ ਹਨ ਅਤੇ ਇਸ ਦੇ ਮੁਲਾਜ਼ਮਾਂ ਨੂੰ ਨਿੱਜੀ ਨੌਕਰ ਸਮਝ ਰਹੇ ਹਨ। ਥਰਮਲ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆ ਬਿਜਲੀ ਮਹਿਕਮੇ ਦੀਆਂ ਜਾਇਦਾਦਾਂ ਵੇਚਣ ਦਾ ਫ਼ੈਸਲਾ ਵਾਪਿਸ ਲੈਣ, ਡੀ.ਏ ਦੀਆਂ ਕਿਸ਼ਤਾਂ ਜਾਰੀ ਕਰਨ, ਵਰਕਚਾਰਜ ਕਾਮਿਆਂ ਨੂੰ ਰੈਗੂਲਰ ਸਹਾਇਕ ਲਾਈਨਮੈਨ ਪੱਦ ਉੱਨਤ ਹੋਣ ਸਮੇਂ 6ਵਾਂ ਪੇਅ ਕਮਿਸ਼ਨ ਲਾਗੂ ਕਰਨ, ਸਕੇਲਾ ਦੀਆਂ ਤਰੁੱਟੀਆਂ ਦੂਰ ਕਰਨ, ਪੇਂਡੂ ਭੱਤਾ ਬਹਾਲ ਕਰਨ, ਆਊਟਸੋਰਸਿੰਗ ਕਾਮਿਆਂ ਨੂੰ ਪੱਕੇ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਪੰਜਾਬ ਦੇ ਮੁਲਾਜ਼ਮ ਤੇ ਕੇਂਦਰ ਸਰਕਾਰ ਸਰਕਾਰ ਦੇ ਸਕੇਲ ਲਾਗੂ ਕਰਨ ਦਾ ਫ਼ੈਸਲਾ ਵਾਪਿਸ ਲੈਣ ਦੀ ਮੰਗ ਕੀਤੀ। ਇਸ ਅਰਥੀ ਫੂਕ ਪ੍ਰਦਰਸ਼ਨ ਵਿਚ ਜਥੇਬੰਦੀਆਂ ਦੇ ਸੁਖਦੀਪ ਸਿੰਘ, ਕੇਸਵ, ਸੂਰਜ ਕੁਮਾਰ, ਰਪਿੰਦਰ ਜੀਤ ਸਿੰਘ, ਹਰਪਿੰਦਰ ਸਿੰਘ, ਰਣਜੀਤ ਕੁਮਾਰ, ਗੁਰਮੇਲ ਸਿੰਘ, ਅਜੈਬ ਸਿੰਘ, ਮਨਪ੍ਰੀਤ ਸਿੰਘ ਤੇ ਦੇਵੀ ਰਾਮ ਆਗੂਆਂ ਸਮੇਤ ਵੱਡੀ ਗਿਣਤੀ ਵਿਚ ਥਰਮਲ ਮੁਲਾਜ਼ਮ ਹਾਜ਼ਰ ਹੋਏ।
ਲਹਿਰਾ ਥਰਮਲ ਦੇ ਮੁਲਾਜ਼ਮਾਂ ਨੇ ਬਿਜਲੀ ਮੰਤਰੀ ਦਾ ਪੁਤਲਾ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ
ਅਜੀਤ ਡੈਸਕ
18-04-2026