ਬਠਿੰਡਾ, 21 ਅਪ੍ਰੈਲ (ਸੱਤਪਾਲ ਸਿੰਘ ਸਿਵੀਆਂ)-ਪਿੰਡ ਦਿਉਣ ਦੀ 'ਦੀ ਦਿਉਣ ਬਹੁਮੰਤਵੀਂ ਸਹਿਕਾਰੀ ਖੇਤੀਬਾੜੀ ਸਭਾ' ਦੀ ਨਵੀਂ ਪ੍ਰਬੰਧਕ ਕਮੇਟੀ ਦੀ ਚੋਣ ਕੀਤੀ ਗਈ, ਜਿਸ ਦੌਰਾਨ ਐਡਵੋਕੇਟ ਕਮਲਜੀਤ ਸਿੰਘ ਬਰਾੜ ਨੂੰ ਪ੍ਰਧਾਨ ਚੁਣਿਆ ਗਿਆ | ਪ੍ਰਬੰਧਕਾਂ ਅਨੁਸਾਰ ਬੀਤੀ 2 ਅਪ੍ਰੈਲ ਨੂੰ ਸਭਾ ਦੀ ਪ੍ਰਬੰਧਕ ਕਮੇਟੀ ਦੇ ਕੁਲ 11 ਮੈਂਬਰਾਂ ਦੀ ਚੋਣ ਪ੍ਰਕਿਰਿਆ ਸਭਾ ਦੇ ਸਕੱਤਰ ਜਗਜੀਤ ਸਿੰਘ ਬਰਾੜ ਦੀ ਨਿਗਰਾਨੀ ਹੇਠ ਮੁਕੰਮਲ ਹੋਈ ਸੀ, ਜਿਸ ਦੌਰਾਨ ਐਡਵੋਕੇਟ ਕਮਲਜੀਤ ਸਿੰਘ ਬਰਾੜ, ਗੁਰਚਰਨ ਸਿੰਘ, ਬਲਵਿੰਦਰ ਸਿੰਘ, ਗੁਰਤੇਜ ਸਿੰਘ, ਸੁਖਮੰਦਰ ਸਿੰਘ, ਬਲਤੇਜ ਸਿੰਘ, ਨਛੱਤਰ ਸਿੰਘ, ਗੁਰਮੀਤ ਸਿੰਘ, ਜਗਸੀਰ ਸਿੰਘ, ਪ੍ਰਮਿੰਦਰ ਕੌਰ ਅਤੇ ਬਲਜੀਤ ਕੌਰ ਕਮੇਟੀ ਮੈਂਬਰ ਚੁਣੇ ਗਏ ਸਨ | ਇਸ ਉਪਰੰਤ ਅੱਜ ਸਭਾ ਦੇ ਪ੍ਰਧਾਨ ਤੇ ਹੋਰ ਅਹੁੱਦੇਦਾਰਾਂ ਦੀ ਚੋਣ ਕੀਤੀ ਗਈ, ਜਿਸ ਦੌਰਾਨ ਐਡਵੋਕੇਟ ਕਮਲਜੀਤ ਸਿੰਘ ਬਰਾੜ ਨੂੰ ਸਭਾ ਦਾ ਪ੍ਰਧਾਨ, ਗੁਰਚਰਨ ਸਿੰਘ ਨੂੰ ਸੀਨੀਅਰ ਉੱਪ-ਪ੍ਰਧਾਨ ਅਤੇ ਬਲਵਿੰਦਰ ਸਿੰਘ ਨੂੰ ਉਪ-ਪ੍ਰਧਾਨ ਚੁਣਿਆ ਗਿਆ, ਜਦਕਿ ਬਾਕੀ ਕਮੇਟੀ ਦੇ ਮੈਂਬਰ ਬਣਾਏ ਗਏ, ਜਿੰਨ੍ਹਾਂ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ | ਨਵੇਂ ਬਣੇ ਪ੍ਰਧਾਨ ਅਤੇ ਬਾਕੀ ਅਹੁੱਦੇਦਾਰਾਂ ਨੇ ਪਿੰਡ ਵਾਸੀਆਂ ਅਤੇ ਸਭਾ ਦੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਕਿਸਾਨਾਂ ਦੀ ਭਲਾਈ ਅਤੇ ਸਭਾ ਦੀ ਤਰੱਕੀ ਲਈ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ | ਇਸ ਮੌਕੇ ਵਿਸੇਸ਼ ਤੌਰ 'ਤੇ ਪੁੱਜੇ ਸਹਿਕਾਰੀ ਖੇਤੀਬਾੜੀ ਸਭਾਵਾਂ ਕਰਮਚਾਰੀ ਯੂਨੀਅਨ ਬਠਿੰਡਾ ਦੇ ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਬਰਾੜ ਦਿਉਣ ਨੇ ਨਵੇਂ ਬਣੇ ਪ੍ਰਧਾਨ ਅਤੇ ਬਾਕੀ ਅਹੱੁਦੇਦਾਰਾਂ ਨੂੰ ਵਧਾਈ ਦਿੰਦਿਆਂ ਸਭਾ ਦੀ ਤਰੱਕੀ ਅਤੇ ਕਿਸਾਨਾਂ ਦੀ ਭਲਾਈ ਦੀ ਕਾਮਨਾ ਕੀਤੀ | ਇਸ ਮੌਕੇ ਪਿੰਡ ਦੇ ਸਾਬਕਾ ਪੰਚ ਆੜ੍ਹਤੀ ਕੁਲਦੀਪ ਸਿੰਘ ਵੜਿੰਗ, ਸਾਬਕਾ ਸਰਪੰਚ ਭੋਲਾ ਸਿੰਘ, ਗੁਰਮੇਲ ਸਿੰਘ, ਕੁਲਵੰਤ ਸਿੰਘ ਪ੍ਰਧਾਨ, ਜੋਗਿੰਦਰ ਸਿੰਘ ਸਾਬਕਾ ਪੰਚ, ਮੇਜਰ ਸਿੰਘ, ਬਲਜੀਤ ਸਿੰਘ, ਸੇਵਕ ਸਿੰਘ, ਵਿੱਕੀ ਬੱਲ, ਗੁਰਮੇਲ ਸਿੰਘ ਠੇਕੇਦਾਰ ਸਮੇਤ ਮੌਜੂਦ ਪਿੰਡ ਵਾਸੀਆਂ ਅਤੇ ਸਮਰਥਕਾਂ ਨੇ ਸਭਾ ਦੀ ਨਵੀਂ ਕਮੇਟੀ ਨੂੰ ਵਧਾਈ ਦਿੱਤੀ!