ਬਠਿੰਡਾ, 21 ਅਪ੍ਰੈਲ (ਵੀਰਪਾਲ ਸਿੰਘ)-ਬਠਿੰਡਾ ਪਿੁਲਸ ਵਲੋਂ ਵੱਖ-ਵੱਖ ਥਾਵਾਂ ਤੋਂ ਚਾਰ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਪਾਸੋਂ 52 ਗ੍ਰਾਮ ਹੈਰੋਇਨ ਅਤੇ 504 ਗ੍ਰਾਮ ਭੁੱਕੀ (ਚੂਰਾ ਪੋਸਤ) ਬਰਾਮਦ ਕੀਤਾ ਗਿਆ ਹੈ | ਪਹਿਲੇ ਮਾਮਲੇ ਵਿਚ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਹੌਲਦਾਰ ਭੁਪਿੰਦਰ ਸਿੰਘ ਵਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਥਾਣਾ ਥਰਮਲ ਪੁਲਿਸ ਵਲੋਂ ਐਨ.ਐਫ.ਐਲ. ਬਠਿੰਡਾ ਪਾਸੋਂ ਇਕ ਸ਼ੱਕੀ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਗਿਆ | ਤਲਾਸ਼ੀ ਦੌਰਾਨ ਉਕਤ ਵਿਅਕਤੀ ਪਾਸੋਂ 504 ਗ੍ਰਾਮ ਭੁੱਕੀ (ਚੂਰਾ ਪੋਸਤ) ਬਰਾਮਦ ਕਰ ਲਿਆ ਗਿਆ ਹੈ | ਪੁਲਿਸ ਅਨੁਸਾਰ ਗਿ੍ਫ਼ਤਾਰ ਕੀਤੇ ਗਏ ਵਿਅਕਤੀ ਦੀ ਪਹਿਚਾਣ ਸੁਲੱਖਣ ਸਿੰਘ ਵਾਸੀ ਪਿੰਡ ਸਿਵੀਆਂ ਵਜੋਂ ਹੋਈ ਹੈ, ਜਿਸ 'ਤੇ ਥਾਣਾ ਥਰਮਲ ਵਿਖੇ ਨਸ਼ਾ ਰੋਕੂ ਐਕਟ ਅਧੀਨ ਮੁਕੱਦਮਾ ਦਰਜ ਕੀਤੇ ਜਾਣ ਤੋਂ ਬਾਅਦ ਬਰਜ਼ਮਾਨਤ ਰਿਹਾਅ ਕਰ ਦਿੱਤਾ ਗਿਆ ਹੈ | ਦੂਸਰੇ ਮਾਮਲੇ ਵਿਚ ਤਫ਼ਤੀਸ਼ੀ ਅਧਿਕਾਰੀ ਗੁਰਪ੍ਰੀਤ ਸਿੰਘ ਅਨੁਸਾਰ ਥਾਣਾ ਸਦਰ ਪੁਲਿਸ ਵਲੋਂ ਬੀੜ ਤਲਾਬ ਬਠਿੰਡਾ ਤੋਂ ਗੁਰਚਰਨ ਸਿੰਘ ਅਤੇ ਗੁਰਮੀਤ ਸਿੰਘ ਵਾਸੀ ਬੀੜ ਤਲਾਬ ਵਿਅਕਤੀ ਨੂੰ 50 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਗਿਆ | ਜਿਨ੍ਹਾਂ 'ਤੇ ਥਾਣਾ ਸਦਰ ਵਿਖੇ ਨਸ਼ਾ ਰੋਕੂ ਐਕਟ ਅਧੀਨ ਮੁਕੱਦਮਾ ਦਰਜ ਕਰ ਲਿਆ ਗਿਆ ਹੈ | ਤੀਸਰੇ ਮਾਮਲੇ ਵਿਚ ਜਾਂਚ ਪੁਲਿਸ ਅਧਿਕਾਰੀ ਨਿਰਮਲ ਸਿੰਘ ਅਨੁਸਾਰ ਥਾਣਾ ਕੋਤਵਾਲੀ ਪੁਲਿਸ ਵਲੋਂ ਮਾਲ ਗੋਦਾਮ ਰੋਡ ਪਾਸੋਂ ਮਾਨਵ ਕੁਮਾਰ ਨਾਮੀ ਵਿਅਕਤੀ ਵਾਸੀ ਜਨਤਾ ਨਗਰ ਬਠਿੰਡਾ ਨੂੰ 2 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਗਿਆ ਹੈ | ਜਿਸ 'ਤੇ ਥਾਣਾ ਕੋਤਵਾਲੀ ਵਿਖੇ ਨਸ਼ਾ ਰੋਕੂ ਐਕਟ ਅਧੀਨ ਮੁਕੱਦਮਾ ਦਰਜ ਕਰ ਲਿਆ ਹੈ |