ਗੋਨਿਆਣਾ, 21 ਅਪ੍ਰੈਲ (ਲਛਮਣ ਦਾਸ ਗਰਗ)-ਥਾਣਾ ਨੇਹੀਂਆਂ ਵਾਲਾ ਦੀ ਪੁਲਿਸ ਨੇ ਨਸ਼ੇ ਦੀਆਂ ਗੋਲੀਆਂ ਸਮੇਤ ਇਕ ਨਸ਼ਾ ਤਸਕਰ ਨੂੰ ਕਾਬੂ ਕੀਤਾ ਹੈ | ਥਾਣਾ ਮੁਖੀ ਦਿਲਬਾਗ ਸਿੰਘ ਬਰਾੜ ਨੇ ਦੱਸਿਆ ਕਿ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਇਲਾਕੇ ਦੇ ਪਿੰਡ ਬਲਾਹੜ੍ਹ ਮਹਿਮਾ ਕੋਲ ਇਕ ਨਸ਼ਾ ਤਸਕਰ ਨਸ਼ੇ ਦੀ ਖਰੀਦੋ ਫ਼ਰੋਖਤ ਕਰਨ ਦੀ ਆੜ ਵਿਚ ਘੁੰਮ ਰਿਹਾ ਹੈ | ਜਿਸ ਤਹਿਤ ਪੁਲਿਸ ਨੇ ਉਕਤ ਪਿੰਡ ਕੋਲ ਟਰੈਪ ਲਗਾਕੇ ਜਦੋਂ ਉੱਥੋਂ ਲੰਘ ਰਹੇ ਇਕ ਸ਼ੱਕੀ ਵਿਅਕਤੀ ਦੀ ਤਲਾਸ਼ੀ ਲਈ ਤਾਂ ਪੁਲਿਸ ਨੇ ਉਸ ਕੋਲੋਂ 40 ਨਸ਼ੀਲੀਆਂ ਗੋਲੀਆਂ ਟਰਾਮਾਡੋਲ ਮਿਲੀਆਂ | ਪੁਲਿਸ ਨੇ ਨਸ਼ਾ ਤਸਕਰ ਦੀ ਪਹਿਚਾਣ ਪ੍ਰਭਜਿੰਦਰ ਸਿੰਘ ਪੁੱਤਰ ਪੱਪਾ ਸਿੰਘ ਵਾਸੀ ਪਿੰਡ ਬਲਾਹੜ੍ਹ ਮਹਿਮਾ ਵਜੋਂ ਕੀਤੀ ਹੈ | ਪੁਲਿਸ ਨੇ ਪ੍ਰਭਜਿੰਦਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |