ਬਠਿੰਡਾ, 21 ਅਪ੍ਰੈਲ (ਸੱਤਪਾਲ ਸਿੰਘ ਸਿਵੀਆਂ)-ਪੰਜਾਬ ਸਟੇਟ ਮਨਿਸਟਰੀਅਲ ਸਰਵਸਿਜ ਯੂਨੀਅਨ ਦੀ ਜ਼ਿਲ੍ਹਾ ਯੂਨਿਟ ਬਠਿੰਡਾ ਦੀ ਚੋਣ ਰਾਜਵੀਰ ਸਿੰਘ ਮਾਨ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਕੀਤੀ ਗਈ, ਜਿਸ ਵਿਚ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਨੇ ਭਰਵਾਂ ਹਿੱਸਾ ਲਿਆ | ਇਸ ਦੌਰਾਨ ਜ਼ਿਲ੍ਹਾ ਪ੍ਰਧਾਨ ਵਲੋਂ ਯੂਨੀਅਨ ਦੀ ਪੁਰਾਣੀ ਕਮੇਟੀ ਨੂੰ ਰਸਮੀ ਤੌਰ 'ਤੇ ਭੰਗ ਕਰਨ ਦਾ ਐਲਾਨ ਕਰਦਿਆਂ ਨਵੀਂ ਕਮੇਟੀ ਦੀ ਚੋਣ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਵਾਈ ਗਈ, ਜਿਸ ਦੌਰਾਨ ਕੇਵਲ ਬਾਂਸਲ (ਪੀ.ਡਬਲਯੂ.ਡੀ./ਬੀ.ਐਂਡ.ਆਰ) ਨੂੰ ਸਰਬਸੰਮਤੀ ਨਾਲ ਯੂਨੀਅਨ ਦਾ ਨਵਾਂ ਜ਼ਿਲ੍ਹਾ ਪ੍ਰਧਾਨ ਅਤੇ ਲਾਲ ਸਿੰਘ ਰੱਲਾ (ਸਿੱਖਿਆ ਵਿਭਾਗ) ਨੂੰ ਜ਼ਿਲ੍ਹਾ ਜਨਰਲ ਸਕੱਤਰ ਤੇ ਗੁਰਸੇਵਕ ਸਿੰਘ (ਸਿੰਚਾਈ ਵਿਭਾਗ) ਨੂੰ ਜ਼ਿਲ੍ਹਾ ਵਿੱਤ ਸਕੱਤਰ ਚੁਣਿਆ ਗਿਆ | ਨਵੇਂ ਚੁਣੇ ਗਏ ਅਹੁਦੇਦਾਰਾਂ ਦਾ ਸਮੂਹ ਸਾਥੀਆਂ ਨੇ ਵਧਾਈ ਦਿੰਦਿਆਂ ਭਰਵਾਂ ਸਨਮਾਨ ਕੀਤਾ | ਇਸ ਮੌਕੇ ਨਵੇਂ ਬਣੇ ਜ਼ਿਲ੍ਹਾ ਪ੍ਰਧਾਨ ਕੇਵਲ ਬਾਂਸਲ, ਜਨਰਲ ਸਕੱਤਰ ਲਾਲ ਸਿੰਘ ਰੱਲਾ ਤੇ ਵਿੱਤ ਸਕੱਤਰ ਗੁਰਸੇਵਕ ਸਿੰਘ ਨੇ ਸਾਰੇ ਸਾਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ | ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਮੁਲਾਜ਼ਮਾਂ ਦੇ ਮਸਲੇ ਜਿਵੇਂ ਕਿ ਪੁਰਾਣੀ ਪੈਨਸ਼ਨ, ਡੀ.ਏ, ਤਨਖ਼ਾਹ ਕਮਿਸ਼ਨ ਦੇ ਬਕਾਏ, ਰੈਗੂਲਰ ਭਰਤੀਆਂ ਲਈ ਸੰਘਰਸ਼ ਜਾਰੀ ਰਹਿਣਗੇ, ਕਿਉਂਕਿ ਪੰਜਾਬ ਸਰਕਾਰ ਲਗਾਤਾਰ ਮੁਲਾਜ਼ਮ ਮਸਲੇ ਹੱਲ ਕਰਨ ਤੋਂ ਭੱਜ ਰਹੀ | ਉਨ੍ਹਾਂ ਸਮੂਹ ਕਾਡਰ ਨੂੰ ਜਥੇਬੰਦਕ ਹੋ ਕੇ ਸੰਘਰਸ਼ ਹੋਰ ਤਿੱਖਾ ਕਰਨ ਦੀ ਅਪੀਲ ਕੀਤੀ |