ਰਾਮਪੁਰਾ ਫੂਲ, 21 ਅਪ੍ਰੈਲ (ਹੇਮੰਤ ਕੁਮਾਰ ਸ਼ਰਮਾ): ਪੰਜਾਬ ਦੇ ਹਜ਼ਾਰਾਂ ਈ.ਟੀ.ਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਪ੍ਰਾਇਮਰੀ ਅਧਿਆਪਕਾਂ ਦੀਆਂ ਨਿਯੁਕਤੀਆਂ ਲਈ ਭਰਤੀ ਇਸ਼ਤਿਹਾਰ ਜਾਰੀ ਕਰਵਾਉਣ ਹਿੱਤ 1 ਮਈ ਨੂੰ ਸੰਗਰੂਰ ਵਿਖੇ ਰੋਸ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਕੀਤਾ ਹੈ | ਇਹ ਫ਼ੈਸਲਾ 'ਈ.ਟੀ.ਟੀ ਟੈੱਟ ਪਾਸ ਅਧਿਆਪਕ ਯੂਨੀਅਨ' ਦੀ ਸੂਬਾਈ 'ਆਨ ਲਾਈਨ' ਮੀਟਿੰਗ 'ਚ ਲਿਆ ਗਿਆ | ਜਥੇਬੰਦੀ ਦੇ ਆਗੂ ਰਾਹੁਲ ਕੰਬੋਜ, ਲਵਿਸ਼ ਫ਼ਾਜ਼ਿਲਕਾ, ਪਰਮਜੀਤ ਮਾਨਸਾ ਅਤੇ ਬਲਵੰਤ ਪਟਿਆਲਾ ਨੇ ਦੱਸਿਆ ਕਿ ਆਪ ਪਾਰਟੀ ਦੀ ਸਰਕਾਰ ਹਜ਼ਾਰਾਂ ਅਧਿਆਪਕ ਨਿਯੁਕਤ ਕਰਨ ਦੇ ਭਾਵੇਂ ਲੱਖ ਦਾਅਵੇ ਕਰੇ, ਪਰ ਜ਼ਮੀਨੀ ਹਕੀਕਤ ਇਹ ਹੈ 2364, 6635 ਅਤੇ 5994 ਨਾਲ ਸਬੰਧਿਤ ਵੱਖ-ਵੱਖ ਭਰਤੀ ਇਸ਼ਤਿਹਾਰ ਚੰਨੀ ਸਰਕਾਰ ਸਮੇਂ ਹੀ ਜਾਰੀ ਹੋਏ, ਜਿਸ ਦਾ ਪੂਰ 'ਆਪ' ਸਰਕਾਰ ਨੇ ਜ਼ਰੂਰ ਸਿਰੇ ਚੜ੍ਹਾਇਆ | ਜਥੇਬੰਦੀ ਨੇ ਇੱਕ ਅਹਿਮ ਨੁਕਤਾ ਇਹ ਵੀ ਉਠਾਇਆ ਕਿ ਸੰਨ 2021 ਤੱਕ ਭਰਤੀ ਇਸ਼ਤਿਹਾਰਾਂ ਰਾਹੀਂ ਜਾਰੀ ਈ.ਟੀ.ਟੀ ਅਸਾਮੀਆਂ ਦੀ ਗਿਣਤੀ ਪੰਜ ਸਾਲ ਪਹਿਲਾਂ ਦੀ ਜ਼ਰੂਰਤ ਅਨੁਸਾਰ ਹੋਣੀ ਹੈ, ਜਦੋਂ ਕਿ ਅਗਲੇ ਪੰਜ ਸਾਲਾਂ ਦਰਮਿਆਨ (2026 ਤੱਕ) ਯਕੀਨਨ ਹਜ਼ਾਰਾਂ ਪ੍ਰਾਇਮਰੀ ਅਧਿਆਪਕਾਂ ਦੀ ਹੋਈ ਸੇਵਾਮੁਕਤੀ ਕਾਰਨ, ਬੱਚਿਆਂ ਦੀ ਵਧੀ ਗਿਣਤੀ ਅਤੇ ਈ.ਟੀ.ਟੀ ਅਧਿਆਪਕਾਂ ਦੀਆਂ ਪਦ ਉੱਨਤੀਆਂ ਕਾਰਨ ਖ਼ਾਲੀ ਅਸਾਮੀਆਂ 'ਚ ਚੋਖਾ ਵਾਧਾ ਜ਼ਰੂਰ ਹੋਇਆ ਹੋਵੇਗਾ | ਜਥੇਬੰਦੀ ਨੇ ਪੰਜਾਬ ਦੇ ਸਮੂਹ ਈ.ਟੀ.ਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੂੰ ਸੱਦਾ ਵੀ ਦਿੱਤਾ ਹੈ |