ਬੁਢਲਾਡਾ, 21 ਅਪ੍ਰੈਲ (ਸਵਰਨ ਸਿੰਘ ਰਾਹੀ)- ਇੱਥੇ ਜਾਰੀ ਬਿਆਨ 'ਚ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਬੁਢਲਾਡਾ ਕਮ ਸਬ ਡਵੀਜ਼ਨਲ ਮੈਜਿਸਟਰੇਟ ਗਗਨਦੀਪ ਸਿੰਘ ਨੇ ਦੱਸਿਆ ਕਿ ਸੂਬੇ 'ਚ ਨਗਰ ਕੌਂਸਲਾਂ/ਪੰਚਾਇਤਾਂ ਦੀਆਂ ਆਗਾਮੀ ਚੋਣਾਂ ਸਬੰਧੀ ਵੋਟਰ ਸੂਚੀਆਂ ਦੀ ਸੁਧਾਈ ਦੇ ਚੱਲ ਰਹੇ ਕਾਰਜ ਤਹਿਤ ਵੋਟਰਾਂ ਪਾਸੋਂ ਦਾਅਵੇ ਅਤੇ ਇਤਰਾਜ਼ ਪੇਸ਼ ਕਰਨ ਲਈ 17 ਅਪ੍ਰੈਲ ਤੋਂ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਚੱਲ ਰਿਹਾ ਹੈ | ਉਨ੍ਹਾਂ ਦੱਸਿਆ ਕਿ ਹਲਕੇ ਦੇ ਸਮੂਹ ਬੀ.ਐਲ.ਓਜ਼. ਵਲੋਂ 20 ਤੇ 21 ਤਰੀਕ ਨੂੰ ਬੂਥ ਪੱਧਰ 'ਤੇ ਕੈਂਪ ਲਗਾ ਕੇ ਵੋਟਰਾਂ ਪਾਸੋਂ ਦਾਅਵੇ ਅਤੇ ਇਤਰਾਜ਼ ਵੀ ਪ੍ਰਾਪਤ ਕੀਤੇ ਗਏ ਹਨ ਪਰੰਤੂ ਫਿਰ ਵੀ ਰਹਿੰਦੇ ਵੋਟਰਾਂ ਵਲੋਂ ਨਵੀਂ ਵੋਟ ਬਣਾਉਣ ਲਈ ਆਪਣਾ ਦਾਅਵਾ ਜਾਂ ਕਿਸੇ ਵੋਟ 'ਤੇ ਇਤਰਾਜ਼ ਪੇਸ਼ ਕਰਨਾ ਹੈ ਤਾਂ 23 ਅਪ੍ਰੈਲ ਤੱਕ ਨਗਰ ਕੌਂਸਲ ਦਫ਼ਤਰ ਬੁਢਲਾਡਾ-ਬਰੇਟਾ ਅਤੇ ਨਗਰ ਪੰਚਾਇਤ ਬੋਹਾ ਦੇ ਦਫ਼ਤਰ ਵਿਖੇ ਜਾਂ ਸਬ ਡਵੀਜ਼ਨਲ ਮੈਜਿਸਟਰੇਟ ਬੁਢਲਾਡਾ ਦੇ ਦਫ਼ਤਰ ਵਿਖੇ ਪੇਸ਼ ਕਰ ਸਕਦਾ ਹੈ | ਇਸ ਮੌਕੇ ਚੋਣ ਕਾਨੂੰਗੋ ਅਮਰ ਨਾਥ ਅਤੇ ਹੋਰ ਕਰਮਚਾਰੀ ਹਾਜ਼ਰ ਸਨ |