ਬਠਿੰਡਾ, 24 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਪ੍ਰਤਿਸ਼ਠਿਤ 'ਟਾਈਮਜ਼ ਹਾਇਰ ਐਜੂਕੇਸ਼ਨ ਏਸ਼ੀਆ ਯੂਨੀਵਰਸਿਟੀ ਰੈਂਕਿੰਗਜ਼ 2026' ਵਿਚ 251-300 ਰੈਂਕ ਬੈਂਡ ਪ੍ਰਾਪਤ ਕਰਦੇ ਹੋਏ ਏਸ਼ੀਆਈ ਅਕਾਦਮਿਕ ਮੰਚ 'ਤੇ ਆਪਣੀ ਪਹਿਚਾਣ ਨੂੰ ਹੋਰ ਮਜ਼ਬੂਤ ਕੀਤਾ ਹੈ | ਸੀਯੂ ਪੰਜਾਬ ਸਮੇਤ ਭਾਰਤ ਦੀਆਂ ਕੁੱਲ 6 ਕੇਂਦਰੀ ਯੂਨੀਵਰਸਿਟੀਆਂ ਨੂੰ ਏਸ਼ੀਆ ਦੇ ਟਾਪ 300 ਉੱਚ ਸਿੱਖਿਆ ਸੰਸਥਾਨਾਂ ਦੀ ਸੂਚੀ ਵਿਚ ਸਥਾਨ ਮਿਲਿਆ ਹੈ | ਸੀਯੂ ਪੰਜਾਬ ਨੂੰ 40.2-42.7 ਦਾ ਕੁੱਲ ਸਕੋਰ ਪ੍ਰਾਪਤ ਹੋਇਆ ਹੈ, ਨਾਲ ਹੀ 69.0 ਦਾ ਉਲੇਖਣੀਯ ਰਿਸਰਚ ਕੁਆਲਿਟੀ ਸਕੋਰ ਵੀ ਪ੍ਰਾਪਤ ਹੋਇਆ ਹੈ | ਇਸ ਦਰਜਾਬੰਦੀ ਵਿਚ ਉੱਚ ਸਿੱਖਿਆ ਸੰਸਥਾਨਾਂ ਦਾ ਮੁਲਾਂਕਣ ਪੰਜ ਮੁੱਖ ਮਾਪਦੰਡਾਂ-ਟੀਚਿੰਗ, ਰਿਸਰਚ ਐਨਵਾਇਰਨਮੈਂਟ, ਰਿਸਰਚ ਕੁਆਲਿਟੀ, ਇੰਡਸਟਰੀ ਅਤੇ ਇੰਟਰਨੈਸ਼ਨਲ ਆਉਟਲੁੱਕ-ਦੇ ਆਧਾਰ 'ਤੇ ਕੀਤਾ ਗਿਆ ਹੈ | ਇਨ੍ਹਾਂ ਸਾਰੇ ਮਾਪਦੰਡਾਂ ਵਿਚ ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਸ਼ਲਾਘਾਯੋਗ ਪ੍ਰਦਰਸ਼ਨ ਕੀਤਾ ਹੈ | ਯੂਨੀਵਰਸਿਟੀ ਨੇ ਟਾਈਮਜ਼ ਹਾਇਰ ਐਜੂਕੇਸ਼ਨ ਰੈਂਕਿੰਗਜ਼ ਦੇ ਪਿਛਲੇ ਸੰਸਕਰਣਾਂ ਵਿਚ ਵੀ ਮਹੱਤਵਪੂਰਨ ਉਪਲੱਬਧੀਆਂ ਦਰਜ ਕੀਤੀਆਂ ਹਨ | ਜਨਵਰੀ 2026 ਵਿਚ ਜਾਰੀ ਟਾਈਮਜ਼ ਹਾਇਰ ਐਜੂਕੇਸ਼ਨ ਵਰਲਡ ਯੂਨੀਵਰਸਿਟੀ ਰੈਂਕਿੰਗਜ਼ ਬਾਈ ਸਬਜੈਕਟ 2026 ਵਿਚ ਯੂਨੀਵਰਸਿਟੀ ਨੇ ਮੈਡੀਸਿਨ ਐਂਡ ਹੈਲਥ ਵਿਸ਼ੇ ਵਿਚ 251-300, ਫ਼ਿਜ਼ਿਕਲ ਸਾਇੰਸਜ਼ ਵਿਚ 401-500 ਅਤੇ ਲਾਈਫ ਸਾਇੰਸਜ਼ ਵਿੱਚ 601-800 ਰੈਂਕ ਬੈਂਡ ਪ੍ਰਾਪਤ ਕੀਤਾ | ਇਸ ਤੋਂ ਇਲਾਵਾ ਨਵੰਬਰ 2025 ਵਿੱਚ ਜਾਰੀ ਟਾਈਮਜ਼ ਹਾਇਰ ਐਜੂਕੇਸ਼ਨ ਵਰਲਡ ਯੂਨੀਵਰਸਿਟੀ ਰੈਂਕਿੰਗਜ਼ 2026 ਵਿੱਚ ਯੂਨੀਵਰਸਿਟੀ ਨੇ ਗਲੋਬਲ ਪੱਧਰ 'ਤੇ 601-800 ਰੈਂਕ ਬੈਂਡ ਕਾਇਮ ਰੱਖਿਆ | ਰਾਸ਼ਟਰੀ ਪੱਧਰ 'ਤੇ ਵੀ ਯੂਨੀਵਰਸਿਟੀ ਨੇ ਲਗਾਤਾਰ ਤਰੱਕੀ ਕਰਦੇ ਹੋਏ ਨੇਸ਼ਨਲ ਇੰਸਟੀਟਿਊਸ਼ਨਲ ਰੈਂਕਿੰਗ ਫਰੇਮਵਰਕ 2025 ਵਿਚ 77ਵਾਂ ਸਥਾਨ ਪ੍ਰਾਪਤ ਕੀਤਾ ਹੈ ਅਤੇ ਹੋਰ ਰਾਸ਼ਟਰੀ ਰੈਂਕਿੰਗਜ਼ ਵਿਚ ਵੀ ਆਪਣੀ ਸਥਿਤੀ ਵਿਚ ਸੁਧਾਰ ਕੀਤਾ ਹੈ | ਹਾਲ ਹੀ ਵਿਚ ਜਾਰੀ ਟਾਈਮਜ਼ ਹਾਇਰ ਐਜੂਕੇਸ਼ਨ ਏਸ਼ੀਆ ਰੈਂਕਿੰਗਜ਼ 2026 ਵਿੱਚ ਪੰਜਾਬ ਕੇਂਦਰੀ ਯੂਨੀਵਰਸਿਟੀ ਸਮੇਤ ਭਾਰਤ ਦੇ 31 ਉੱਚ ਸਿੱਖਿਆ ਸੰਸਥਾਨ ਜਿਨ੍ਹਾਂ ਵਿਚ ਆਈਆਈਟੀ ਅਤੇ ਐਨਆਈਟੀ ਵਰਗੇ ਪ੍ਰਮੁੱਖ ਸੰਸਥਾਨ ਵੀ ਸ਼ਾਮਲ ਹਨ ਨੂੰ ਏਸ਼ੀਆ ਦੇ ਟਾਪ 300 ਸੰਸਥਾਨਾਂ ਵਿਚ ਸਥਾਨ ਦਿੱਤਾ ਗਿਆ ਹੈ | ਇਸ ਉਪਲਬਧੀ 'ਤੇ ਖੁਸ਼ੀ ਜ਼ਾਹਿਰ ਕਰਦੇ ਹੋਏ ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਕਿਹਾ ਕਿ ਪੰਜਾਬ ਕੇਂਦਰੀ ਯੂਨੀਵਰਸਿਟੀ ਦਾ 'ਟਾਈਮਜ਼ ਹਾਇਰ ਐਜੂਕੇਸ਼ਨ ਏਸ਼ੀਆ ਯੂਨੀਵਰਸਿਟੀ ਰੈਂਕਿੰਗਜ਼ 2026' ਵਿਚ 205-300 ਰੈਂਕ ਬੈਂਡ ਵਿਚ ਸ਼ਾਮਿਲ ਹੋਣਾ ਬਹੁਤ ਮਾਣ ਵਾਲੀ ਗੱਲ ਹੈ |