ਭੀਖੀ, 24 ਅਪ੍ਰੈਲ (ਬਲਕਾਰ ਸਿੰਘ ਸਹੋਤਾ)-ਸਥਾਨਕ ਪੁਲਿਸ ਨੇ ਉਸ ਠੱਗ ਜੋਤਸ਼ੀ ਨੂੰ ਕਾਬੂ ਕਰਨ 'ਚ ਸਫਲਤਾ ਹਾਸਿਲ ਕਰ ਲਈ ਹੈ, ਜੋ ਪਿਛਲੇ ਦਿਨੀਂ ਲੱਖਾਂ ਰੁਪਏ ਦਾ ਸੋਨਾ ਤੇ ਨਕਦੀ ਲੈ ਕੇ ਫ਼ਰਾਰ ਹੋ ਗਿਆ ਸੀ | ਡੀ.ਐੱਸ.ਪੀ. ਸਬ-ਡਵੀਜ਼ਨ ਮਾਨਸਾ ਹਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਬੀਤੇ ਦਿਨੀਂ ਸ਼ਗਨਪਾਲ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਹੋਡਲਾ ਦੀ ਸ਼ਿਕਾਇਤ 'ਤੇ ਮੁਕੱਦਮਾ ਦਰਜ ਕੀਤਾ ਸੀ | ਸ਼ਿਕਾਇਤਕਰਤਾ ਅਨੁਸਾਰ ਉਨ੍ਹਾਂ ਦੇ ਪਿੰਡ ਇੱਕ ਜੋਤਸ਼ੀ ਆਇਆ ਸੀ | ਉਸ ਦੀ ਮਾਤਾ ਪਰਮਜੀਤ ਕੌਰ ਘਰ ਦੀ ਪੁੱਛ-ਦੱਸ ਲਈ ਉਸ ਦੀ ਦੁਕਾਨ 'ਤੇ ਚਲੀ ਗਈ | ਜੋਤਸ਼ੀ ਨੇ ਦੱਸਿਆ ਕਿ ਉਨ੍ਹਾਂ ਦੇ ਘਰ 'ਚ ਕਰੋਪੀ ਹੈ ਅਤੇ ਜਲਦੀ ਉਪਾਅ ਕਰਵਾਉਣ ਲਈ ਕਿਹਾ | ਉੱਧਰ ਅਚਾਨਕ ਸ਼ਗਨਪਾਲ ਸਿੰਘ ਨੂੰ ਦੁਰਘਟਨਾ 'ਚ ਸੱਟਾਂ ਲੱਗੀਆਂ, ਜਿਸ 'ਤੇ ਉਨ੍ਹਾਂ ਦੇ ਪਰਿਵਾਰ ਦਾ ਜੋਤਸ਼ੀ 'ਤੇ ਯਕੀਨ ਹੋ ਗਿਆ ਅਤੇ ਉਸ ਦੇ ਮਾਪੇ ਜੋਤਸ਼ੀ ਕੋਲ ਇਲਾਜ ਕਰਵਾਉਣ ਲਈ ਹਵਨ ਆਦਿ ਦਾ ਸਮਾਨ ਲੈ ਕੇ ਚਲੇ ਗਏ | ਜੋਤਸ਼ੀ ਨੇ ਇਲਾਜ ਕਰਵਾਉਣ ਲਈ 11 ਹਜ਼ਾਰ ਦੀ ਭੇਟਾ ਅਤੇ ਘਰ 'ਚ ਪਿਆ ਸੋਨਾ ਲਿਆਉਣ ਲਈ ਕਿਹਾ | ਜੋਤਸ਼ੀ ਦੇ ਕਹਿਣ ਮੁਤਾਬਿਕ ਉਹ 11.5 ਤੋਲੇ ਸੋਨਾ ਅਤੇ 11 ਹਜ਼ਾਰ ਰੁਪਏ ਲੈ ਕੇ ਉਸ ਕੋਲ ਚਲੇ ਗਏ | ਉਸ ਨੇ ਸਮਗਰੀ ਦਾ ਸਾਰਾ ਸਮਾਨ ਅਤੇ ਸੋਨਾ ਚਿੱਟੇ ਰੰਗ ਦੇ ਰੁਮਾਲ 'ਚ ਬੰਨ੍ਹ ਕੇ ਰੱਖ ਦਿੱਤਾ ਅਤੇ ਪਰਿਵਾਰ ਨੂੰ ਸੂਰਜ ਨੂੰ ਜਲ ਚੜ੍ਹਾਉਣ ਲਈ ਭੇਜ ਦਿੱਤਾ | ਜੋਤਸ਼ੀ ਨੇ ਵਾਪਸ ਆਉਣ 'ਤੇ ਰੁਮਾਲ ਪੰਜ ਦਿਨਾਂ ਬਾਅਦ ਖੋਲ੍ਹਣ ਲਈ ਕਿਹਾ | ਉਨ੍ਹਾਂ 5 ਦਿਨਾਂ ਬਾਅਦ ਜਦੋਂ ਰੁਮਾਲ ਖੋਲਿ੍ਹਆ ਤਾਂ ਉਸ 'ਚੋਂ ਸੋਨਾ ਗ਼ਾਇਬ ਸੀ ਅਤੇ ਜੋਤਸ਼ੀ ਭੱਜ ਗਿਆ ਸੀ | ਉਨ੍ਹਾਂ ਦੱਸਿਆ ਕਿ ਥਾਣਾ ਭੀਖੀ ਦੇ ਮੁਖੀ ਇੰਸਪੈਕਟਰ ਗੁਰਮੇਲ ਸਿੰਘ ਭੁੱਲਰ ਦੀ ਅਗਵਾਈ 'ਚ ਜੋਤਸ਼ੀ ਇੰਦਰਜੀਤ ਸਿੰਘ ਪੁੱਤਰ ਸੁਰਜਾ ਸਿੰਘ ਵਾਸੀ ਕੋਲੀਠਾ, ਜ਼ਿਲ੍ਹਾ ਸੀਕਰ (ਰਾਜਸਥਾਨ) ਨੂੰ ਸਵਾ ਚਾਰ ਤੋਲੇ ਸੋਨਾ ਸਮੇਤ ਕਾਬੂ ਕਰ ਲਿਆ | ਉਨ੍ਹਾਂ ਦੱਸਿਆ ਕਿ ਅਜਿਹੀਆਂ ਵਾਪਰੀਆਂ ਘਟਨਾਵਾਂ ਦੀ ਜਾਂਚ ਲਈ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ | ਇਸ ਮੌਕੇ ਤਫ਼ਤੀਸ਼ੀ ਅਫ਼ਸਰ ਦਲਜੀਤ ਸਿੰਘ ਵੀ ਹਾਜ਼ਰ ਸਨ |