ਬਾਲਿਆਂਵਾਲੀ, 3 ਮਈ (ਕੁਲਦੀਪ ਮਤਵਾਲਾ): ਪਿੰਡ ਬਾਲਿਆਂਵਾਲੀ ਵਿਖੇ ਲੈਣ-ਦੇਣ ਦੇ ਮਾਮਲੇ ਕਾਰਨ ਇੱਕ ਔਰਤ ਵਲੋਂ ਕਿਸਾਨ ਦੇ ਘਰੇ ਜਾ ਕੇ ਕੋਈ ਜ਼ਹਿਰੀਲੀ ਵਸਤੂ ਪੀਣ ਦੀ ਖ਼ਬਰ ਹੈ | ਕਿਸਾਨ ਕਾਲਾ ਸਿੰਘ ਪੁੱਤਰ ਜੱਗਾ ਸਿੰਘ ਵਾਸੀ ਬਾਲਿਆਂਵਾਲੀ ਨੇ ਦੱਸਿਆ ਕਿ ਮੇਰੀ ਮਾਤਾ ਨੇ ਬਾਲਿਆਂਵਾਲੀ ਦੇ ਅਗਰਵਾਲ ਪਰਿਵਾਰ ਦੇ ਵਿਅਕਤੀ ਨੂੰ ਲਗਭਗ ਦੋ ਕਨਾਲ਼ਾਂ ਜ਼ਮੀਨ ਪ੍ਰਤੀ ਕਨਾਲ 9 ਲੱਖ 10 ਹਜ਼ਾਰ ਰੁਪਏ ਸੌਦਾ ਕੀਤਾ ਸੀ ਅਤੇ 7 ਲੱਖ ਰੁਪਏ ਬਤੌਰ ਬਿਆਨਾਂ ਰਕਮ ਲੈਤਾ ਸੀ | ਲਿਖਤ ਅਨੁਸਾਰ ਜੇਕਰ ਅਸੀਂ ਮੁੱਕਰਾਂਗੇ ਤਾਂ 14 ਲੱਖ ਰੁਪਏ ਵਾਪਿਸ ਕਰਾਂਗੇ, ਜੇਕਰ ਖ਼ਰੀਦਦਾਰ 20-04-2025 ਤੱਕ ਰਜਿਸਟਰੀ ਨਹੀਂ ਕਰਵਾਉਂਦਾ ਤਾਂ ਬਿਆਨਾ ਰਕਮ ਜ਼ਬਤ ਹੋਵੇਗੀ | ਖ਼ਰੀਦਦਾਰ ਤੈਅ ਕੀਤੀ ਮਿਆਦ ਤੱਕ ਰਜਿਸਟਰੀ ਨਹੀਂ ਕਰਵਾ ਸਕਿਆ | ਕਾਲਾ ਸਿੰਘ ਨੇ ਖ਼ਰੀਦਦਾਰ ਧਿਰ 'ਤੇ ਦੋਸ਼ ਲਾਇਆ ਕਿ 2 ਮਈ ਨੂੰ ਸਵੇਰੇ ਖ਼ਰੀਦਦਾਰ ਦੀ ਪਤਨੀ ਇੱਕ ਅਣਪਛਾਤੇ ਵਿਅਕਤੀ ਨਾਲ ਸਾਡੇ ਘਰੇ ਆ ਗਈ | ਕਾਲਾ ਸਿੰਘ ਨੇ ਦੋਸ਼ ਲਾਇਆ ਕਿ ਉਕਤ ਔਰਤ ਨੇ ਸਾਡੇ ਘਰ ਆ ਕੇ ਰਸੋਈ 'ਚ ਪਿਆ ਸਮਾਨ ਖਿਲਾਰ ਦਿੱਤਾ ਤੇ ਕਿਹਾ ਕਿ ਤੂੰ ਬਿਆਨਾ ਰਕਮ ਵਾਲੇ ਰੁਪਏ ਵਾਪਿਸ ਮੋੜ ਨਹੀਂ, ਤਾਂ ਮੈਂ ਤੈਨੂੰ ਕਤਲ ਦੇ ਪਰਚੇ 'ਚ ਫਸਾਵਾਂਗੀ | ਮੈਂ ਕਿਹਾ ਤੁਸੀਂ ਮੇਰੇ ਘਰੇ ਵੜ੍ਹਕੇ ਲੜਾਈ-ਝਗੜਾ ਨਾ ਕਰੋ, ਬਲਕਿ ਕਾਨੂੰਨੀ ਕਾਰਵਾਈ ਕਰੋ, ਤਾਂ ਉਹ ਔਰਤ ਨਾਲ ਲਿਆਂਦੀ ਬੋਤਲ ਨੂੰ ਗਟ-ਗਟ ਕਰਕੇ ਪੀ ਗਈ, ਕਿਉਂਕਿ ਬੋਤਲ 'ਚ ਪਾਣੀ ਵਗ਼ੈਰਾ ਸੀ, ਜਦੋਂ ਔਰਤ ਨੇ ਜ਼ਹਿਰ ਵਾਲਾ ਡਰਾਮਾ ਕਰ ਲਿਆ ਤਾਂ ਤਹੈਅ ਸਕੀਮ ਅਨੁਸਾਰ ਉਸ ਦੇ ਪਤੀ ਤੇ ਹੋਰ ਸਾਥੀ ਸਾਡੇ ਘਰੇ ਆ ਗਏ, ਜਦਕਿ ਖ਼ਰੀਦਦਾਰ ਸਾਨੂੰ ਗਾਲੀ-ਗਲੋਚ ਕਰਦਾ ਰਿਹਾ, ਫੇਰ ਚੰਗੀ-ਭਲੀ ਹਾਲਤ 'ਚ ਆਪਣੀ ਪਤਨੀ ਨੂੰ ਹੋਰ ਸਾਥੀਆਂ ਨਾਲ ਮੋਟਰਸਾਈਕਲ 'ਤੇ ਬਿਠਾ ਸਾਡੇ ਘਰੋਂ ਲੈ ਗਏ | ਕਾਲਾ ਸਿੰਘ ਨੇ ਦੱਸਿਆ ਕਿ ਮੈਂ ਤੁਰੰਤ ਪੁਲਿਸ ਥਾਣਾ ਬਾਲਿਆਂਵਾਲੀ ਨੂੰ ਲਿਖਤੀ ਸ਼ਿਕਾਇਤ ਕੀਤੀ, ਜਦਕਿ ਔਰਤ ਦੇ ਸਾਰੇ ਡਰਾਮੇ ਦੀ ਵੀਡੀਓ ਬਣਾ ਲਈ | ਉਸ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਜ਼ਿਲ੍ਹਾ ਪੁਲਿਸ ਮੁਖੀ ਤੇ ਡੀ.ਜੀ.ਪੀ ਪੰਜਾਬ ਤੋਂ ਮੰਗ ਕੀਤੀ ਕਿ ਮੈਨੂੰ ਝੂਠੇ ਪੁਲਿਸ ਕੇਸ 'ਚ ਫਸਾਉਣ ਦੀ ਸਾਜ਼ਿਸ਼ ਕਰਨ ਵਾਲੀ ਔਰਤ ਤੇ ਇਸ ਡਰਾਮੇ 'ਚ ਸ਼ਾਮਿਲ ਉਸ ਦੇ ਪਤੀ ਅਤੇ ਬਾਕੀ ਸਾਥੀਆਂ 'ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ | ਇਸ ਸੰਬੰਧੀ ਇੱਕ ਵਾਇਰਲ ਵੀਡੀਓ 'ਚ ਉਕਤ ਔਰਤ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਨ ਸਮੇਂ ਕਾਲਾ ਸਿੰਘ 'ਤੇ ਦੋਸ਼ ਲਗਾ ਰਹੀ ਹੈ ਕਿ ਮੈਂ ਤੇਰੇ ਕਰਕੇ ਆਪਣੀ ਜਾਨ ਦੇ ਰਹੀ ਹਾਂ | ਫਿਲਹਾਲ ਔਰਤ ਨੂੰ ਖ਼ਤਰੇ ਤੋਂ ਬਾਹਰ ਦੱਸਿਆ ਜਾ ਰਿਹੈ | ਥਾਣਾ ਮੁਖੀ ਸਬ-ਇੰਸਪੈਕਟਰ ਫਰਵਿੰਦਰ ਸਿੰਘ ਨੇ ਕਿਹਾ ਕਿ ਸਾਡੇ ਕੋਲ ਕਾਲਾ ਸਿੰਘ ਦੀ ਦਰਖ਼ਾਸਤ 'ਤੇ ਉਕਤ ਔਰਤ ਸੰਬੰਧੀ ਸਰਕਾਰੀ ਹਸਪਤਾਲ ਤੋਂ ਰੁੱਕਾ ਮਿਲ ਗਿਆ ਹੈ, ਔਰਤ ਰਾਮਪੁਰਾ ਦੇ ਇੱਕ ਨਿੱਜੀ ਹਸਪਤਾਲ ਦਾਖਿਲ ਹੈ | ਜਿਸ ਦੇ ਬਿਆਨ ਦਰਜ ਕਰ ਲਏ ਹਨ ਤੇ ਸਰਕਾਰੀ ਹਸਪਤਾਲ 'ਚੋਂ ਸੈਂਪਲ ਤੇ ਐਮ.ਐਲ.ਆਰ ਲੈ ਕੇ ਲੈਬ 'ਚ ਭੇਜੇ ਜਾਣਗੇ, ਜੇਕਰ ਰਿਪੋਰਟ 'ਚ ਜ਼ਹਿਰ ਨਾ ਆਈ ਤਾਂ ਔਰਤ ਸਮੇਤ ਸਾਜ਼ਿਸ਼ ਰਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ, ਜਦਕਿ ਕਾਲਾ ਸਿੰਘ ਦੀ ਮਾਤਾ ਦੇ ਬਿਆਨੇ ਵਾਲੇ ਦਸਤਾਵੇਜ਼ਾਂ ਦੀ ਵੀ ਜਾਂਚ ਕੀਤੀ ਜਾਵੇਗੀ |