ਮਾਨਸਾ, 4 ਮਈ (ਸ.ਰਿ.)- ਪੰਜਾਬ ਕੈਮਿਸਟ ਐਸੋਸੀਏਸ਼ਨ ਵਲੋਂ 20 ਮਈ ਨੂੰ ਪੰਜਾਬ ਭਰ 'ਚ ਦੁਕਾਨਾਂ ਬੰਦ ਰੱਖੀਆਂ ਜਾਣਗੀਆਂ | ਇਹ ਫ਼ੈਸਲਾ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸੁਰਿੰਦਰ ਦੁੱਗਲ, ਜਨਰਲ ਸਕੱਤਰ ਜੀ.ਐਸ. ਚਾਵਲਾ ਅਤੇ ਮੀਤ ਸਕੱਤਰ ਅਮਨਦੀਪ ਸਿੰਘ ਦੀ ਅਗਵਾਈ 'ਚ ਕੀਤੀ ਇਕੱਤਰਤਾ ਮੌਕੇ ਲਿਆ ਗਿਆ | ਐਸੋਸੀਏਸ਼ਨ ਦੇ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਅਜੈ ਕੁਮਾਰ ਨੇ ਕਿਹਾ ਕਿ ਪੰਜਾਬ ਕੈਮਿਸਟ ਐਸੋਸੀਏਸ਼ਨ ਬੰਦ ਨੂੰ ਪੁਰਜ਼ੋਰ ਸਫਲ ਕਰੇਗੀ | ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ 2021 ਦੀ ਡਰੱਗ ਪਾਲਿਸੀ 'ਚ ਸੋਧ ਕੀਤੀ ਜਾਵੇ ਅਤੇ ਨਵੇਂ ਪੋਰਟਲ ਦੀ ਦੁਬਾਰਾ ਸਮੀਖਿਆ ਕੀਤੀ ਜਾਵੇ ਤਾਂ ਜੋ ਕੈਮਿਸਟਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ | ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਸੰਜੀਵ ਗਰਗ, ਜ਼ਿਲ੍ਹਾ ਖ਼ਜ਼ਾਨਚੀ ਭੁਪਿੰਦਰ ਜੋਗਾ ਆਦਿ ਹਾਜ਼ਰ ਸਨ |