15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਜਥੇਬੰਦੀਆਂ ਵਲੋਂ ਰਾਜਪਾਲ ਪੰਜਾਬ ਤੇ ਕੇਂਦਰ ਸਰਕਾਰ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰੇ <br/>

Ad Position 21
No active advertisement
ਅਜੀਤ ਡੈਸਕ 17-05-2026
ਮਾਮਲਾ ਚੰਡੀਗੜ੍ਹ ਵਿਖੇ ਕਿਸਾਨਾਂ 'ਤੇ ਹੋਏ ਲਾਠੀਚਾਰਜ ਦਾ

ਮਾਨਸਾ, 16 ਮਈ (ਸਵਰਨ ਸਿੰਘ ਰਾਹੀ)- ਬੀ.ਬੀ.ਐਮ.ਬੀ. 'ਚੋਂ ਪੰਜਾਬ ਦੀ ਸਥਾਈ ਮੈਂਬਰੀ ਖ਼ਤਮ ਕਰਨ ਦੇ ਨੋਟੀਫ਼ਿਕੇਸ਼ਨ ਨੂੰ ਰੱਦ ਕਰਵਾਉਣ ਸਮੇਤ ਪਾਣੀਆਂ ਨਾਲ ਸਬੰਧਿਤ ਹੋਰਨਾਂ ਮੰਗਾਂ ਨੂੰ ਲੈ ਕੇ ਬੀਤੇ ਕੱਲ੍ਹ ਚੰਡੀਗੜ੍ਹ ਵਿਖੇ ਰਾਜਪਾਲ ਨੂੰ ਮੰਗ ਪੱਤਰ ਦੇਣ ਜਾ ਰਹੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਅਤੇ ਵਰਕਰਾਂ ਉੱਪਰ ਚੰਡੀਗੜ੍ਹ ਪੁਲਿਸ ਵਲੋਂ ਕੀਤੇ ਲਾਠੀਚਾਰਜ ਦੇ ਖਿਲਾਫ ਅੱਜ ਪੰਜਾਬ ਭਰ ਅੰਦਰ ਮੋਰਚੇ ਦੀਆਂ ਜਥੇਬੰਦੀਆਂ ਵਲੋਂ ਰਾਜਪਾਲ ਪੰਜਾਬ ਅਤੇ ਕੇਂਦਰ ਸਰਕਾਰ ਦੇ ਪੁਤਲੇ ਸਾੜੇ ਗਏ, ਜਿਸ ਤਹਿਤ ਜ਼ਿਲ੍ਹਾ ਮਾਨਸਾ ਅੰਦਰ ਵੀ ਵੱਖ-ਵੱਖ ਥਾਵਾਂ 'ਤੇ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ |
ਭਾਕਿਯੂ (ਉਗਰਾਹਾਂ) ਨੇ ਅਰਥੀਆਂ ਫੂਕ ਕੇ ਰੋਸ ਵਿਖਾਵਾ ਕੀਤਾ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਮਾਨਸਾ ਵਿਖੇ ਅਰਥੀਆਂ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਕਿਸਾਨੀ ਮਸਲਿਆਂ ਪ੍ਰਤੀ ਗੰਭੀਰ ਨਹੀਂ ਜਾਪਦੀਆਂ ਕਿਉਂਕਿ ਸੰਯੁਕਤ ਮੋਰਚੇ ਵਲੋਂ ਰਾਜਪਾਲ ਪੰਜਾਬ ਨੂੰ ਸਿਰਫ਼ ਸ਼ਾਂਤੀਪੂਰਵਕ ਮੰਗ ਪੱਤਰ ਹੀ ਦਿੱਤਾ ਜਾਣਾ ਸੀ ਪ੍ਰੰਤੂ ਨਿਹੱਥੇ ਕਿਸਾਨਾਂ ਉੱਪਰ ਭਾਰੀ ਚੰਡੀਗੜ੍ਹ ਪੁਲਿਸ ਵਲੋਂ ਪਾਣੀ ਦੀਆਂ ਬੁਛਾੜਾਂ ਮਾਰਨ ਅਤੇ ਉਨ੍ਹਾਂ ਨੂੰ ਗਿ੍ਫ਼ਤਾਰ ਕਰਨਾ ਨਿੰਦਣਯੋਗ ਹੈ | ਉਨ੍ਹਾਂ ਕਿਹਾ ਕਿ ਕਿਸਾਨ ਕਰਜ਼ੇ ਦੇ ਜਾਲ ਵਿੱਚ ਫਸ ਚੁੱਕਿਆ ਹੈ, ਜਿਸ ਨੂੰ ਕਿਸੇ ਪਾਸਿਉਂ ਵੀ ਕੋਈ ਸਹਾਇਤਾ ਨਹੀਂ ਮਿਲ ਰਹੀ | ਦੂਜੇ ਪਾਸੇ ਕੇਂਦਰ ਵਲੋਂ ਝੋਨੇ ਦੀ ਫ਼ਸਲ ਦੇ ਰੇਟ 'ਚ ਸਿਰਫ਼ 72 ਪੈਸੇ ਪ੍ਰਤੀ ਕਿੱਲੋ ਵਾਧਾ ਕੀਤਾ ਗਿਆ ਜਦਕਿ ਡੀਜ਼ਲ ਦਾ ਰੇਟ 3 ਰੁਪਏ ਪ੍ਰਤੀ ਲੀਟਰ ਵਧ ਚੁੱਕਿਆ ਹੈ | ਇਸ ਮੌਕੇ ਭਾਨ ਸਿੰਘ ਬਰਨਾਲਾ, ਜਗਸੀਰ ਸਿੰਘ ਜਵਾਹਰਕੇ, ਜਗਰਾਜ ਸਿੰਘ ਮਾਨਸਾ, ਲਾਭ ਸਿੰਘ ਖੋਖਰ, ਮਹਿੰਦਰ ਸਿੰਘ ਖੜਕ ਸਿੰਘ ਵਾਲਾ ਆਦਿ ਹਾਜ਼ਰ ਸਨ |
ਭਾਕਿਯੂ (ਡਕੌਂਦਾ) ਵਲੋਂ ਵੀ ਕੇਂਦਰ ਸਰਕਾਰ ਤੇ ਰਾਜਪਾਲ ਦਾ ਅਰਥੀ ਫੂਕ ਮੁਜ਼ਾਹਰਾ
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵਲੋਂ ਵੀ ਕੇਂਦਰ ਸਰਕਾਰ ਤੇ ਰਾਜਪਾਲ ਦੀ ਅਰਥੀ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭੈਣੀਬਾਘਾ ਨੇ ਕਿਹਾ ਕਿ ਬੀ. ਬੀ. ਐਮ. ਬੀ. ਦੇ ਮਸਲੇ ਨੂੰ ਲੈ ਕੇ ਸੰਯੁਕਤ ਮੋਰਚੇ ਵਲੋਂ ਗਵਰਨਰ ਪੰਜਾਬ ਨੂੰ ਮੰਗ ਪੱਤਰ ਦੇਣ ਜਾਂਦੇ ਕਿਸਾਨਾਂ ਉੱਪਰ ਹੋਏ ਪੁਲਿਸ ਜਬਰ ਜਿਹੀਆਂ ਘਟਨਾਵਾਂ ਨਾਲ ਕਿਸਾਨ ਜਥੇਬੰਦੀਆਂ ਪਿੱਛੇ ਹਟਣ ਵਾਲੀਆਂ ਨਹੀਂ ਸਗੋਂ ਉਹ ਹੋਰ ਮਜ਼ਬੂਤੀ ਨਾਲ ਆਪਣੀਆਂ ਲੜਾਈਆਂ ਲੜਨਗੀਆਂ | ਉਨ੍ਹਾਂ ਕਿਹਾ ਕਿ ਕੇਂਦਰ ਜਾਂ ਸੂਬਾ ਸਰਕਾਰ ਕਿਰਤੀਆਂ ਦੇ ਹੱਕਾਂ 'ਤੇ ਡਾਕੇ ਮਾਰ ਰਹੀਆਂ ਹਨ, ਜਿਸ ਖ਼ਿਲਾਫ਼ 21 ਮਈ ਨੂੰ ਮੋਰਚੇ ਦੀ ਹੋਣ ਵਾਲੀ ਮੀਟਿੰਗ 'ਚ ਨਵੇਂ ਸੰਘਰਸ਼ ਦੀ ਰੂਪ-ਰੇਖਾ ਉਲੀਕੀ ਜਾਵੇਗੀ | ਇਸ ਮੌਕੇ ਮਨਜੀਤ ਸਿੰਘ ਉੱਲਕ, ਲਛਮਣ ਸਿੰਘ ਚੱਕ ਅਲੀਸ਼ੇਰ, ਰਾਜ ਸਿੰਘ ਅਕਲੀਆ, ਜਗਜੀਤ ਸਿੰਘ ਧਲੇਵਾਂ, ਹਰਪਾਲ ਸਿੰਘ ਕੋਟਧਰਮੂ, ਹਰਮੇਸ਼ ਸਿੰਘ, ਜਗਰਾਜ ਸਿੰਘ ਅਹਿਮਦਪੁਰ ਆਦਿ ਹਾਜ਼ਰ ਸਨ |
ਬੁਢਲਾਡਾ ਵਿਖੇ ਵੀ ਕਿਸਾਨਾਂ ਨੇ ਅਰਥੀਆਂ ਫੂਕੀਆਂ
ਸਥਾਨਕ ਪੁਰਾਣੀ ਕਚਹਿਰੀ ਨੇੜੇ ਵੀ ਕਿਸਾਨ ਜਥੇਬੰਦੀਆਂ ਵਲੋਂ ਪੰਜਾਬ ਦੇ ਗਵਰਨਰ ਅਤੇ ਕੇਂਦਰ ਸਰਕਾਰ ਦੀਆਂ ਅਰਥੀਆਂ ਫੂਕੀਆਂ ਗਈਆਂ | ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਦਰਸਨ ਸਿੰਘ ਗੁਰਨੇ ਕਲਾਂ ਨੇ ਦੱਸਿਆ ਕਿ ਇਹ ਰੋਸ ਪ੍ਰਦਰਸ਼ਨ ਬੀਤੇ ਕੱਲ੍ਹ ਚੰਡੀਗੜ੍ਹ ਵਿਖੇ ਪੰਜਾਬ ਦੀਆਂ ਹੱਕੀ ਮੰਗਾਂ ਸਬੰਧੀ ਗਵਰਨਰ ਨੂੰ ਮੰਗ ਪੱਤਰ ਦੇਣ ਜਾ ਰਹੇ ਸ਼ਾਂਤਮਈ ਕਿਸਾਨਾਂ 'ਤੇ ਕੀਤੇ ਗਏ ਜਬਰ ਦੇ ਵਿਰੋਧ ਵਿੱਚ ਕੀਤਾ ਗਿਆ | ਇਸ ਮੌਕੇ ਭਾਕਿਯੂ (ਉਗਰਾਹਾਂ) ਦੇ ਬਲਾਕ ਪ੍ਰਧਾਨ ਮੇਜਰ ਸਿੰਘ ਗੋਬਿੰਦਪੁਰਾ, ਸੁਖਪਾਲ ਸਿੰਘ ਮੰਡੇਰ, ਮੇਘਾ ਸਿੰਘ ਬਰੇ੍ਹ, ਮੰਗੂ ਸਿੰਘ ਕਣਕਵਾਲ, ਮੇਜਰ ਸਿੰਘ ਬੱਛੋਆਣਾ , ਡਕੌਂਦਾ ਦੇ ਜ਼ਿਲ੍ਹਾ ਜਨਰਲ ਸਕੱਤਰ ਤਾਰਾ ਚੰਦ ਬਰੇਟਾ, ਸਕੱਤਰ ਮੇਲਾ ਸਿੰਘ ਦਿਆਲਪੁਰਾ, ਤੇਜਰਾਮ ਅਹਿਮਦਪੁਰ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਦਰਸ਼ਨ ਸਿੰਘ ਮੰਘਾਣੀਆਂ ਆਦਿ ਹਾਜ਼ਰ ਸਨ |
ਬੋਹਾ ਵਿਖੇ ਕਿਸਾਨਾਂ ਨੇ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ
ਬੋਹਾ ਤੋਂ ਰਮੇਸ਼ ਤਾਂਗੜੀ ਅਨੁਸਾਰ- ਸਥਾਨਕ ਬੱਸ ਅੱਡੇ ਵਿਖੇ ਸੰਯੁਕਤ ਕਿਸਾਨ ਮੋਰਚੇ ਦੀਆਂ ਅਗਵਾਈ ਵਾਲੀਆਂ 5 ਜਥੇਬੰਦੀਆਂ ਵਲੋਂ ਵੀ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਦਿਆਂ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ ਗਿਆ | ਸੰਬੋਧਨ ਕਰਦਿਆਂ ਕਿਸਾਨ ਆਗੂ ਪ੍ਰਸ਼ੋਤਮ ਸਿੰਘ ਉੱਡਤ, ਰਾਮਫਲ ਸਿੰਘ ਚੱਕ ਅਲੀਸ਼ੇਰ ਅਤੇ ਤਰਸੇਮ ਸਿੰਘ ਚੱਕ ਅਲੀਸ਼ੇਰ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਪਿਛਲੇ 5 ਸਾਲਾਂ ਤੋਂ ਕਿਸਾਨੀ ਮੰਗਾਂ ਅਤੇ ਮਸਲਿਆਂ ਸਬੰਧੀ ਗੰਭੀਰ ਨਹੀਂ ਹੈ ਕਿਉਂਕਿ ਆਪਣੇ ਹੱਕ ਮੰਗਦੇ ਕਿਸਾਨਾਂ ਉੱਪਰ ਆਏ ਦਿਨ ਕਿਸੇ ਨਾ ਕਿਸੇ ਬਹਾਨੇ ਤਸ਼ੱਦਦ ਕਰਨ ਲਈ ਤਿਆਰ ਰਹਿੰਦੀ ਹੈ | ਆਗੂਆਂ ਨੇ ਕਿਹਾ ਕਿ ਲੰਘੀ 15 ਮਈ ਨੂੰ ਚੰਡੀਗੜ੍ਹ ਵਿਖੇ ਰਾਜਪਾਲ ਪੰਜਾਬ ਨੂੰ ਮੰਗ ਪੱਤਰ ਦੇਣ ਜਾ ਰਹੇ ਕਿਸਾਨਾਂ 'ਤੇ ਪਾਣੀਆਂ ਬੁਛਾੜਾਂ ਅਤੇ ਲਾਠੀਚਾਰਜ ਕਰ ਕੇ ਕਿਸਾਨ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ, ਜਿਸ ਖ਼ਿਲਾਫ਼ ਕੇਂਦਰ ਪ੍ਰਤੀ ਕਿਸਾਨਾਂ ਦਾ ਰੋਹ ਜਾਗ ਪਿਆ ਹੈ | ਇਸ ਮੌਕੇ ਜੁਗਰਾਜ ਸਿੰਘ ਗਿੱਲ, ਰਾਜਵੰਤ ਸਿੰਘ, ਰਘਵੀਰ ਸਿੰਘ ਸ਼ੇਰਖਾਂ, ਜਗਰੂਪ ਸਿੰਘ ਮੰਘਾਣੀਆਂ, ਘੁੱਕਰ ਸਿੰਘ ਭੱਠਲ, ਦਰਸ਼ਨ ਸਿੰਘ ਤਾਲਿਬਵਾਲਾ, ਗੁਰਜੰਟ ਸਿੰਘ ਬੋਹਾ ਆਦਿ ਹਾਜ਼ਰ ਸਨ |
ਕੇਂਦਰ ਦੀ ਭਾਜਪਾ ਸਰਕਾਰ ਅਤੇ ਗਵਰਨਰ ਦੇ ਪੁਤਲੇ ਸਾੜੇ
ਬਰੇਟਾ ਤੋਂ ਜੀਵਨ ਸ਼ਰਮਾ ਅਨੁਸਾਰ- ਪੰਜਾਬ ਕਿਸਾਨ ਯੂਨੀਅਨ ਇਕਾਈ ਧਰਮਪੁਰਾ ਵਲੋਂ ਪਿਛਲੇ ਦਿਨੀਂ ਚੰਡੀਗੜ੍ਹ ਪੁਲਿਸ ਵਲੋਂ ਕਿਸਾਨਾਂ 'ਤੇ ਕੀਤੇ ਲਾਠੀਚਾਰਜ ਦੇ ਰੋਸ ਵਜੋਂ ਕੇਂਦਰ ਸਰਕਾਰ ਅਤੇ ਗਵਰਨਰ ਦੀ ਅਰਥੀ ਸਾੜੀ ਗਈ | ਜ਼ਿਲ੍ਹਾ ਆਗੂ ਤਰਸੇਮ ਸਿੰਘ ਧਰਮਪੁਰਾ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਹਮੇਸ਼ਾ ਕਿਸਾਨ ਵਿਰੋਧੀ ਫ਼ੈਸਲੇ ਕਰਦੀ ਆ ਰਹੀ ਹੈ | ਉਨ੍ਹਾਂ ਕਿਹਾ ਕਿ ਕੇਂਦਰ ਦੇ ਪੰਜਾਬ ਵਿਰੋਧੀ ਫ਼ੈਸਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਇਸ ਮੌਕੇ ਬਲਵਿੰਦਰ ਸਿੰਘ, ਸੇਵਾ ਸਿੰਘ, ਨਾਨਕ ਸਿੰਘ, ਬੂਟਾ ਸਿੰਘ ਆਦਿ ਹਾਜ਼ਰ ਸਨ |
ਬਹਾਦਰਪੁਰ ਵਿਖੇ ਅਰਥੀਆਂ ਸਾੜੀਆਂ
ਪਿੰਡ ਬਹਾਦਰਪੁਰ ਵਿਖੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਵੀ ਕੇਂਦਰ ਸਰਕਾਰ ਅਤੇ ਗਵਰਨਰ ਦੀਆਂ ਅਰਥੀਆਂ ਸਾੜੀਆਂ ਗਈਆ | ਇਸ ਮੌਕੇ ਆਗੂ ਚਰਨਜੀਤ ਸਿੰਘ, ਜਸਪਾਲ ਸਿੰਘ ਜੱਸੀ, ਦਸੌਂਦਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਭਾਕਿਯੂ ਏਕਤਾ ਉਗਰਾਹਾਂ ਬਲਾਕ ਰਾਮਪੁਰਾ ਵਲੋਂ ਅਰਥੀ ਫੂਕ ਰੋਸ ਮੁਜ਼ਾਹਰਾ <br/> ਅਗਲੀ ਖ਼ਬਰ ਨਗਰ ਕੌਂਸਲ ਚੋਣਾਂ ਭੁੱਚੋ-ਅਕਾਲੀ ਉਮੀਦਵਾਰ ਦੇ ਇਕਲੌਤੇ ਪੁੱਤਰ 'ਤੇ ਜਾਨਲੇਵਾ ਹਮਲਾ <br/>
Ad Position 24