ਭੁੱਚੋ ਮੰਡੀ, 16 ਮਈ (ਪਰਵਿੰਦਰ ਸਿੰਘ ਜੌੜਾ)-ਨਗਰ ਕੌਂਸਲ ਚੋਣਾਂ ਭੁੱਚੋ ਦੇ ਵਾਰਡ ਨੰਬਰ-2 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨਰਦੀਪ ਗਰਗ ਦੇ ਇਕਲੌਤੇ ਨੌਜਵਾਨ ਪੁੱਤਰ ਜਿੰਮੀ ਗਰਗ 'ਤੇ ਬੀਤੀ ਰਾਤ ਕਰੀਬ 10:30 ਵਜੇ ਜਾਨਲੇਵਾ ਹਮਲਾ ਹੋਇਆ ਹੈ | ਸਵੇਰੇ ਇਸ ਘਟਨਾ ਦਾ ਪਤਾ ਲੱਗਦਿਆਂ ਹੀ ਸ਼ਹਿਰ ਵਿਚ ਤਿੱਖਾ ਰੋਸ ਫੈਲ ਗਿਆ ਅਤੇ ਵਪਾਰ ਮੰਡਲ ਦੀ ਅਪੀਲ 'ਤੇ ਦੁਕਾਨਦਾਰਾਂ ਨੇ ਸਮੁੱਚੇ ਬਾਜ਼ਾਰ ਬੰਦ ਕਰ ਦਿੱਤੇ ਅਤੇ ਪੁਲਿਸ ਚੌਂਕੀ ਅੱਗੇ ਰੋਸ ਪ੍ਰਦਰਸ਼ਨ ਕੀਤਾ | ਸੈਂਕੜੇ ਲੋਕਾਂ ਨੇ ਨਰਦੀਪ ਗਰਗ ਦੇ ਪਰਿਵਾਰ ਨਾਲ ਦੁੱਖ ਅਤੇ ਹਮਦਰਦੀ ਦਾ ਪ੍ਰਗਟਾਵਾ ਕੀਤਾ ਅਤੇ ਮੁਲਜ਼ਮਾਂ ਨੂੰ ਜਲਦੀ ਕਾਬੂ ਕਰਕੇ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਜ਼ੋਰਦਾਰ ਮੰਗ ਕੀਤੀ | ਮੌਕੇ 'ਤੇ ਪਹੁੰਚੇ ਡੀ.ਐਸ.ਪੀ. ਭੁੱਚੋ ਪਿ੍ਤਪਾਲ ਸਿੰਘ ਨੇ ਭਰੋਸਾ ਦਿਵਾਇਆ ਕਿ ਮਾਮਲਾ ਜਲਦੀ ਹੱਲ ਕਰਕੇ ਮੁਲਜ਼ਮਾਂ ਨੂੰ ਸਲਾਖਾਂ ਪਿੱਛੇ ਸੁੱਟਿਆ ਜਾਵੇਗਾ | ਉਨ੍ਹਾਂ ਇਸ ਦੌਰਾਨ ਸ਼ਹਿਰ ਅਤੇ ਇਲਾਕੇ ਵਿਚ ਇਸ ਘਟਨਾ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਸਿਆਸੀ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਗਿਆ ਹੈ | ਜਾਣਕਾਰੀ ਮੁਤਾਬਕ ਬੀਤੇ ਕੱਲ੍ਹ ਸ਼ਾਮ ਸਮੇਂ ਨਰਦੀਪ ਗਰਗ ਨੇ ਆਪਣੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ ਸੀ, ਮੌਕੇ ਬੇਮਿਸਾਲ ਇਕੱਠ ਦੇਖਣ ਨੂੰ ਮਿਲਿਆ ਸੀ | ਨਰਦੀਪ ਗਰਗ ਦੀ ਪਤਨੀ ਦਰਸ਼ਨਾ ਦੇਵੀ ਗਰਗ ਨਗਰ ਕੌਂਸਲ ਭੁੱਚੋ ਦੀ 5 ਸਾਲ ਪ੍ਰਧਾਨ ਰਹਿ ਚੁੱਕੀ ਹੈ, ਦੌਰਾਨ ਸ਼ਹਿਰ ਦਾ ਕਾਫੀ ਵਿਕਾਸ ਹੋਇਆ ਸੀ | ਬੀਤੀ ਰਾਤ 10:30 ਵਜੇ ਤੱਕ ਜਦੋਂ ਉਨ੍ਹਾਂ ਦਾ ਪੁੱਤਰ ਜਿੰਮੀ ਗਰਗ ਘਰ ਨਾ ਆਇਆ ਤਾਂ ਉਸ ਦੀ ਗੱਡੀ ਵਿਚ ਲੱਗੇ ਜੀ.ਪੀ.ਐਸ. ਰਾਹੀਂ ਉਸ ਦੀ ਤਲਾਸ਼ ਕੀਤੀ ਗਈ | ਗੱਡੀ ਸਥਾਨਕ ਬੇਗਾ ਰੋਡ ਸ਼ਾਂਤੀ ਹਾਲ ਨਜ਼ਦੀਕ ਖੜ੍ਹੀ ਮਿਲੀ ਤਾਂ ਉਸ ਵਿਚ ਜਿੰਮੀ ਗਰਗ ਬੁਰੀ ਤਰ੍ਹਾਂ ਵੱਢਿਆ ਟੁੱਕਿਆ ਮਿਲਿਆ | ਉਸ ਦੀ ਇਕ ਅੱਖ ਬਾਹਰ ਨਿਕਲ ਚੁੱਕੀ ਸੀ ਅਤੇ ਸਿਰ ਸਮੇਤ ਹੋਰ ਕਾਫੀ ਸੱਟਾਂ ਲੱਗਣ ਕਰਕੇ ਕੱਪੜੇ ਖੂਨ ਨਾਲ ਲੱਥਪੱਥ ਸਨ | ਸ਼ੱਕ ਕੀਤਾ ਜਾਂਦਾ ਹੈ ਕਿ ਅੱਧੀ ਦਰਜ਼ਨ ਤੋਂ ਵਧੇਰੇ ਮੋਟਰ ਸਾਈਕਲ ਸਵਾਰਾਂ ਵਲੋਂ ਉਸ 'ਤੇ ਤੇਜ਼ਧਾਰ ਅਤੇ ਮਾਰੂ ਹਥਿਆਰਾਂ ਨਾਲ ਹਮਲਾ ਕੀਤਾ ਗਿਆ | ਉਸ ਨੂੰ ਇਲਾਜ ਲਈ ਆਦੇਸ਼ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ |