ਬਠਿੰਡਾ, 16 ਮਈ (ਵੀਰਪਾਲ ਸਿੰਘ)-ਬਠਿੰਡਾ ਪੁਲਿਸ ਵਲੋਂ ਵੱਖ-ਵੱਖ ਥਾਵਾਂ ਤੋਂ 4 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਜਿਨ੍ਹਾਂ ਪਾਸੋਂ 12 ਗ੍ਰਾਮ ਹੈਰੋਇਨ ਅਤੇ 15 ਨਸ਼ੀਲੇ ਕੈਪਸੂਲ ਬਰਾਮਦ ਕਰ ਲਏ ਹਨ | ਪਹਿਲੇ ਮਾਮਲੇ ਵਿਚ ਤਫ਼ਤੀਸ਼ ਕਰ ਰਹੇ ਪੁਲਿਸ ਅਧਿਕਾਰੀ ਜਗਸੀਰ ਸਿੰਘ ਵਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਥਾਣਾ ਕੈਨਾਲ ਪੁਲਿਸ ਵਲੋਂ ਕੀਤੀ ਨਾਕਾਬੰਦੀ ਦੌਰਾਨ ਬਾਦਲ ਰੋਡ ਉੱਪਰ ਓਵਰ ਬਿ੍ਜ ਪਾਸੋਂ ਦੋ ਸ਼ੱਕੀ ਵਿਅਕਤੀਆਂ ਨੂੰ ਰੋਕ ਕੇ ਤਲਾਸ਼ੀ ਲਈ ਗਈ | ਤਲਾਸ਼ੀ ਦੌਰਾਨ ਉਕਤ ਵਿਅਕਤੀਆਂ ਪਾਸੋਂ 6 ਗ੍ਰਾਮ ਹੈਰੋਇਨ ਬਰਾਮਦ ਕਰ ਲਈ ਗਈ | ਪੁਲਿਸ ਅਨਸਾਰ ਗਿ੍ਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਹਿਚਾਣ ਹਰਪ੍ਰੀਤ ਸਿੰਘ ਅਤੇ ਮਨਜੀਤ ਸਿੰਘ ਵਾਸੀ ਲਾਲ ਸਿੰਘ ਬਸਤੀ, ਬਠਿੰਡਾ ਵਜੋਂ ਹੋਈ ਹੈ | ਜਿਨ੍ਹਾਂ 'ਤੇ ਥਾਣਾ ਕੈਨਾਲ ਵਿਖੇ ਨਸ਼ਾ ਰੋਕੂ ਐਕਟ ਅਧੀਨ ਮੁਕੱਦਮਾ ਦਰਜ ਕਰ ਲਿਆ ਹੈ | ਦੂਸਰੇ ਮਾਮਲੇ ਵਿਚ ਤਫ਼ਤੀਸ਼ੀ ਪੁਲਿਸ ਅਧਿਕਾਰੀ ਅਰਜਨ ਸਿੰਘ ਵਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਥਾਣਾ ਸਦਰ ਪੁਲਿਸ ਪਾਰੀ ਵਲੋਂ ਕੀਤੀ ਜਾ ਰਹੀ ਗਸ਼ਤ ਦੌਰਾਨ ਜੱਸੀ ਪੌ ਵਾਲੀ ਵਿਖੇ ਮਾਡਰਨ ਆਈ ਟੀ ਆਈ ਪਾਸੋਂ ਅੰਮਿ੍ਤਪਾਲ ਸਿੰਘ ਨਾਮੀ ਵਿਅਕਤੀ ਨੂੰ 6 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕਰ ਲਿਆ ਗਿਆ | ਜਿਸ 'ਤੇ ਥਾਣਾ ਸਦਰ ਵਿਖੇ ਨਸ਼ਾ ਰੋਕੂ ਐਕਟ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ | ਤੀਸਰੇ ਮਾਮਲੇ ਵਿਚ ਤਫ਼ਤੀਸ਼ੀ ਅਧਿਕਾਰੀ ਗੁਰਮੀਤ ਸਿੰਘ ਅਨੁਸਾਰ ਥਾਣਾ ਕੈਨਾਲ ਪੁਲਿਸ ਵਲੋਂ ਡੱਬਵਾਲੀ ਰੋਡ ਓਵਰ ਬਿ੍ਜ ਦੇ ਹੇਠਲੇ ਪਾਸਿਓ ਸ਼ਿਵ ਮੰਗਲ ਨਾਮੀ ਵਿਅਕਤੀ ਨੂੰ 150 ਨਸ਼ੀਲੇ ਕੈਪਸੂਲਾਂ ਸਮੇਤ ਗਿ੍ਫ਼ਤਾਰ ਕਰ ਲਿਆ ਗਿਆ | ਜਿਸ 'ਤੇ ਥਾਣਾ ਸਦਰ ਵਿਖੇ ਨਸ਼ਾ ਰੋਕੂ ਐਕਟ ਅਧੀਨ ਮੁਕੱਦਮਾ ਦਰਜ ਕਰਨ ਤੋਂ ਬਾਅਦ ਬਰਜ਼ਮਾਨਤ ਰਿਹਾਅ ਕਰ ਦਿੱਤਾ ਗਿਆ |