ਬਾਲਿਆਂਵਾਲੀ, 16 ਮਈ (ਕੁਲਦੀਪ ਮਤਵਾਲਾ)-ਸੰਯੁਕਤ ਕਿਸਾਨ ਮੋਰਚੇ ਵਲੋਂ ਮਹਿੰਗਾਈ ਤੇ ਪਾਣੀ ਦੇ ਮਸਲੇ ਸਬੰਧੀ ਅਤੇ ਕਿਸਾਨੀ ਹੱਦ ਕਰਜ਼ੇ ਵਧਾਉਣ ਬਾਬਤ ਰਾਜਪਾਲ ਨੂੰ ਮੰਗ ਪੱਤਰ ਦੇਣ ਜਾ ਰਹੇ ਕਿਸਾਨਾਂ 'ਤੇ ਕੀਤੇ ਗਏ ਲਾਠੀਚਾਰਜ ਦੇ ਵਿਰੋਧ 'ਚ ਭਾਕਿਯੂ ਡਕੌਂਦਾ ਵਲੋਂ ਸਬ ਤਹਿਸੀਲ ਬਾਲਿਆਂਵਾਲੀ ਦੇ ਬਾਹਰ ਰੋਸ ਪ੍ਰਦਰਸ਼ਨ ਕਰਦਿਆਂ ਪ੍ਰਧਾਨ ਮੰਤਰੀ ਅਤੇ ਰਾਜਪਾਲ ਦੇ ਪੁਤਲੇ ਫੂਕੇ ਗਏ | ਇਸ ਮੌਕੇ ਕਿਸਾਨ ਆਗੂ ਹੇਮ ਰਾਜ ਸ਼ਰਮਾ, ਗੁਰਜੰਟ ਸਿੰਘ, ਤੇਜਾ ਸਿੰਘ ਮਾਲੇ ਕਾ, ਸੰਤਾ ਸਿੰਘ, ਭੋਲਾ ਸਿੰਘ ਕੱਲੂ ਕਾ,ਦਰਸ਼ਨ ਸਿੰਘ ਸੂਬਲ, ਪਾੜਾ ਸਿੰਘ, ਦਰਸ਼ਨ ਸਿੰਘ, ਭੋਲਾ ਸਿੰਘ ਸੂਬਲ ਆਦਿ ਕਿਸਾਨ ਆਗੂਆਂ ਨੇ ਕਿਹਾ ਕਿ ਭਾਰਤ ਦੇਸ਼ ਚ ਰੁਜ਼ਗਾਰ ਘੱਟ ਹੋਣ ਕਰਕੇ ਪੜ੍ਹੇ ਲਿਖੇ ਨੌਜਵਾਨ ਬੇਰੁਜ਼ਗਾਰ ਫਿਰਦੇ ਹਨ ਅਤੇ ਆਮ ਲੋਕ ਵੀ ਫਾਕੇ ਕੱਟਣ ਲਈ ਮਜ਼ਬੂਰ ਹਨ ਪ੍ਰੰਤੂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦਾ ਪੰਜਾਬ ਦੇ ਲੋਕਾਂ ਤੇ ਕਿਸਾਨਾਂ ਦੀਆਂ ਸਮੱਸਿਆਵਾਂ ਵੱਲ ਉੱਕਾ ਹੀ ਧਿਆਨ ਨਹੀਂ ਹੈ | ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੀ ਮੰਗ ਹੈ ਕਿ ਪਾਣੀਆਂ ਦੀ ਵੰਡ ਰਿਪੇਰੀਅਨ ਕਾਨੂੰਨ ਤਹਿਤ ਕੀਤੀ ਜਾਵੇ | ਕਿਸਾਨਾਂ ਨੇ ਦੱਸਿਆ ਉਕਤ ਜਾਇਜ਼ ਮੰਗਾਂ ਬਾਰੇ ਰਾਜਪਾਲ ਪੰਜਾਬ ਸਰਕਾਰ ਨੂੰ ਮੰਗ ਪੱਤਰ ਸੌਂਪਣ ਜਾ ਰਹੇ ਕਿਸਾਨਾਂ ਤੇ ਚੰਡੀਗੜ੍ਹ ਵਿਖੇ ਪੁਲਿਸ ਵੱਲੋਂ ਲਾਠੀਚਾਰਜ ਕਰਨਾ ਮੰਦਭਾਗਾ ਹੈ | ਇਸ ਮੌਕੇ ਬਲਵਿੰਦਰ ਸਿੰਘ ਜੇਠੂਕੇ ਨੇ ਭਾਰਤ ਤੋਂ ਪੰਜਾਬ ਦੇ ਕਿਸਾਨਾਂ ਲਈ ਵਿਸ਼ੇਸ਼ ਪੈਕੇਜ ਦੀ ਮੰਗ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਨੇ ਸਾਉਣੀ ਦੀਆਂ ਫਸਲਾਂ ਲਈ ਪੰਜਾਬ ਦਾ 2400 ਸੋ ਕਰੋੜ ਰੁਪਏ ਰੋਕੇ ਹੋਏ ਹਨ | ਜਿਸ ਨੂੰ ਕੇਂਦਰ ਸਰਕਾਰ ਤੁਰੰਤ ਜਾਰੀ ਕਰੇ ਅਤੇ ਉਕਤ 2400 ਕਰੋੜ ਰੁਪਏ ਨਾਬਾਰਡ ਬੈਂਕਾਂ ਰਾਹੀਂ ਕਿਸਾਨਾਂ ਨੂੰ ਦਿੱਤੇ ਜਾਣ ਤਾਂ ਜੋ ਕਿਸਾਨ ਸਾਉਣੀ ਦੀਆਂ ਫ਼ਸਲਾਂ ਨੂੰ ਸਮੇਂ ਸਿਰ ਬੀਜ ਲੈਣ |