ਬਠਿੰਡਾ, 22 ਮਈ (ਅਵਤਾਰ ਸਿੰਘ ਕੈਂਥ)-ਸਥਾਨਕ ਲੇਕ ਵਿਊ ਗੈਸਟ ਹਾਊਸ ਨੇੜੇ ਗਰਮੀ ਕਾਰਨ ਇਕ ਨੌਜਵਾਨ ਗੰਭੀਰ ਹਾਲਤ ਵਿਚ ਬੇਹੋਸ਼ ਪਿਆ ਮਿਲਿਆ | ਸਥਾਨਕ ਪੁਲਿਸ ਨੇ ਸਹਾਰਾ ਮੁੱਖ ਦਫ਼ਤਰ ਨੂੰ ਸੂਚਿਤ ਕੀਤਾ | ਸੂਚਨਾ ਮਿਲਣ 'ਤੇ ਸਹਾਰਾ ਦੀ ਵਿਸ਼ੇਸ਼ ਐਂਬੂਲੈਂਸ ਸੇਵਾ ਸੰਦੀਪ ਗਿੱਲ ਘਟਨਾ ਸਥਾਨ 'ਤੇ ਪਹੁੰਚੇ | ਗੰਭੀਰ ਹਾਲਤ ਵਿਚ ਪਏ ਨੌਜਵਾਨ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਦੀ ਜਾਂਚ ਕੀਤੀ ਅਤੇ ਇਲਾਜ ਸ਼ੁਰੂ ਕਰ ਦਿੱਤਾ | ਇਕ ਹੋਰ ਘਟਨਾ ਵਿਚ, ਸਥਾਨਕ ਮਾਲ ਗੋਦਾਮ ਰੋਡ 'ਤੇ ਗਰਮੀ ਕਾਰਨ ਇਕ ਬੇਸਹਾਰਾ ਵਿਅਕਤੀ ਬਿਮਾਰ ਹੋ ਗਿਆ | ਸੂਚਨਾ ਮਿਲਣ 'ਤੇ, ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬਿ੍ਗੇਡ ਹੈਲਪਲਾਈਨ ਟੀਮ ਸੰਦੀਪ ਗੋਇਲ ਵਿਸ਼ੇਸ਼ ਐਂਬੂਲੈਂਸ ਸੇਵਾ ਲੈ ਕੇ ਮਾਲ ਗੋਦਾਮ ਰੋਡ 'ਤੇ ਗਰਮੀ ਕਾਰਨ ਪੀੜ੍ਹਤ ਵਿਅਕਤੀ ਨੂੰ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸਨੂੰ ਮੁੱਢਲੀ ਸਹਾਇਤਾ ਦਿੱਤੀ | ਸਹਾਰਾ ਦੇ ਬਾਨੀ ਵਿਜੇ ਗੋਇਲ ਨੇ ਦੱਸਿਆ ਕਿ ਲੇਕ ਵਿਊ ਨੇੜੇ ਮਿਲੇ ਨੌਜਵਾਨ ਦੀ ਹਾਲਤ ਬਹੁਤ ਨਾਜ਼ੁਕ ਹੈ | ਡਾਕਟਰ ਉਸ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ | ਨੌਜਵਾਨ ਧੁੱਪ ਵਿਚ ਪਿਆ ਸੀ ਅਤੇ ਉਸਦਾ ਆਕਸੀਜਨ ਪੱਧਰ ਵੀ ਕਾਫ਼ੀ ਘੱਟ ਗਿਆ ਹੈ |