ਗੋਨਿਆਣਾ, 22 ਮਈ (ਲਛਮਣ ਦਾਸ ਗਰਗ)- ਰਾਜ ਦੇ ਚੋਣ ਕਮਿਸ਼ਨਰ ਵਲੋਂ ਸੂਬੇ ਵਿਚ 26 ਮਈ ਨੂੰ ਨਗਰ ਕੌਸ਼ਲ ਅਤੇ ਨਗਰ ਨਿਗਮਾਂ ਦੀਆਂ ਵੋਟਾਂ ਪਵਾਈਆਂ ਜਾ ਰਹੀ ਹਨ, ਪਰ ਦੂਸਰੇ ਪਾਸੇ ਕੁਝ ਸ਼ਰਾਰਤੀ ਅਨਸਰ ਆਪੋ ਆਪਣੀਆਂ ਕੋਝੀਆਂ ਹਰਕਤਾਂ ਰਾਹੀਂ ਚੜ੍ਹਤ ਵਾਲੇ ਉਮੀਦਵਾਰਾਂ ਨੂੰ ਕਿਸੇ ਨਾਂ ਕਿਸੇ ਬਹਾਨੇ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ | ਅਜਿਹਾ ਹੀ ਇਕ ਮਾਮਲਾ ਗੋਨਿਆਣਾ ਮੰਡੀ ਵਿਚ ਵਾਪਰਿਆ ਹੈ, ਜਿੱਥੇ ਗੋਨਿਆਣਾ ਨਗਰ ਕੌਂਸਲ ਦੀਆਂ ਚੋਣਾਂ ਲੜ ਰਹੇ ਵਾਰਡ ਨੰਬਰ-8 ਦੇ ਆਜ਼ਾਦ ਉਮੀਦਵਾਰ ਅਮਨਦੀਪ ਸਿੰਘ (ਅਮਨਾ) ਦੇ ਚੋਣ ਪੋਸਟਰ ਪਾੜਨ ਦਾ ਮਾਮਲਾ ਸਾਹਮਣੇ ਆਇਆ ਹੈ | ਉਕਤ ਉਮੀਦਵਾਰ ਨੇ ਕਿਹਾ ਕਿ ਕੁਝ ਅਣਪਛਾਤੇ ਸ਼ਰਾਰਤੀ ਅਨਸਰਾਂ ਨੇ ਬੀਤੀ ਰਾਤ ਉਸ ਦੀ ਚੋਣ ਮੁਹਿੰਮ ਨੂੰ ਨੁਕਸਾਨ ਕਰਨ ਲਈ ਚੋਣ ਬੈਨਰ ਅਤੇ ਚੋਣ ਪੋਸਟਰ ਪਾੜਨ ਵਾਲੀ ਇਹ ਕਰਤੂਤ ਕੀਤੀ ਹੈ | ਜੋ ਬਹੁਤ ਹੀ ਮਾੜੀ ਹਰਕਤ ਹੈ | ਉਕਤ ਮਾਮਲੇ ਸੰਬੰਧੀ ਵਾਰਡ ਨਿਵਾਸੀਆਂ ਨੇ ਚੋਣ ਲੜ ਰਹੇ ਉਮੀਦਵਾਰ ਅਮਨਦੀਪ ਸਿੰਘ ਅਮਨਾ ਨੂੰ ਦਿਲਾਸਾ ਦਿੰਦੇ ਹੋਏ ਕਿਹਾ ਕਿ ਉਹ ਇਸ ਵਾਰੀ ਕੋਈ ਵੀ ਕਾਨੰੂਨੀ ਕਾਰਵਾਈ ਨਾਂ ਕਰਨ ਜੇਕਰ ਦੁਬਾਰਾ ਇਹੋ ਜਿਹੀ ਕੋਈ ਹਰਕਤ ਹੁੰਦੀ ਹੈ, ਤਾਂ ਵਾਰਡ ਨਿਵਾਸੀ ਚੁੱਪੀ ਨਹੀਂ ਧਾਰਨਗੇ ਅਤੇ ਮਾਮਲਾ ਪੁਲਿਸ, ਜ਼ਿਲ੍ਹਾ ਚੋਣ ਕਮਿਸ਼ਨਰ ਅਤੇ ਰਾਜ ਚੋਣ ਕਮਿਸ਼ਨਰ ਦੇ ਧਿਆਨ ਵਿਚ ਵੀ ਲਿਆਉਣਗੇ | ਜਦੋਂ ਇਸ ਸੰਬੰਧੀ ਥਾਣਾ ਨੇਹੀਆਂ ਵਾਲਾ ਦੇ ਮੁੱਖ ਅਫ਼ਸਰ ਅਮਰਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਕਤ ਮਾਮਲਾ ਹਾਲੇ ਤੀਕ ਪੁਲਿਸ ਦੇ ਧਿਆਨ ਵਿਚ ਨਹੀਂ ਆਇਆ, ਫਿਰ ਵੀ ਪੁਲਿਸ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੋਟੋਜ਼ ਰਾਹੀਂ ਆਪਣੇ ਤਰੀਕੇ ਨਾਲ ਪੜਤਾਲ ਕਰ ਰਹੀ ਹੈ |