ਬਠਿੰਡਾ, 24 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਮਾਸ ਕਮਿਊਨੀਕੇਸ਼ਨ ਅਤੇ ਮੀਡੀਆ ਅਧਿਐਨ ਵਿਭਾਗ ਦੇ ਮੁਖੀ ਡਾ. ਰੂਬਲ ਕਨੋਜੀਆ ਦੀ ਅਗਵਾਈ ਹੇਠ ਉਨ੍ਹਾਂ ਦੇ ਪੀ.ਐਚ.ਡੀ. ਖੋਜਾਰਥੀ ਨਮਨ ਵਲੋਂ ਕੀਤੇ ਖੋਜ ਅਧਿਐਨ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਵੱਡੀ ਪਹਿਚਾਣ ਮਿਲੀ ਹੈ | ਕੈਂਸਰ ਸੰਬੰਧੀ ਭ੍ਰਮਾਤਮਕ ਜਾਣਕਾਰੀ (ਕੈਂਸਰ ਮਿਸਇਨਫੋਰਮੇਸ਼ਨ) 'ਤੇ ਆਧਾਰਿਤ ਇਹ ਖੋਜ ਅੱਜ ਫਰਾਂਸ ਦੇ ਲਿਓਨ ਸ਼ਹਿਰ ਵਿਚ ਆਯੋਜਿਤ ਹੋਣ ਵਾਲੇ ਸੰਮੇਲਨ ਵਿਚ ਪੇਸ਼ ਕੀਤੀ ਜਾਵੇਗੀ | ਇਹ ਸੰਮੇਲਨ ਵਿਸ਼ਵ ਸਿਹਤ ਸੰਸਥਾ ਦੀ ਕੈਂਸਰ ਖੋਜ ਏਜੰਸੀ 'ਇੰਟਰਨੈਸ਼ਨਲ ਏਜੰਸੀ ਫ਼ਾਰ ਰਿਸਰਚ ਆਨ ਕੈਂਸਰ' ਵਲੋਂ ਆਯੋਜਿਤ ਕੀਤਾ ਜਾ ਰਿਹਾ ਹੈ | 'ਡਿਜ਼ਿਟਲ ਯੁੱਗ ਵਿਚ ਕੈਂਸਰ ਸੰਬੰਧੀ ਭ੍ਰਮਾਤਮਕ ਜਾਣਕਾਰੀ : ਖੋਜ ਰੁਝਾਨਾਂ ਅਤੇ ਵਿਸ਼ਿਆਂ ਦਾ ਵਿਸ਼ਵ ਪੱਧਰੀ ਵਿਸ਼ਲੇਸ਼ਣ' ਸਿਰਲੇਖ ਹੇਠ ਕੀਤੇ ਇਸ ਅਧਿਐਨ ਵਿਚ ਸੋਸ਼ਲ ਮੀਡੀਆ ਅਤੇ ਡਿਜ਼ਿਟਲ ਮੰਚਾਂ 'ਤੇ ਫੈਲ ਰਹੀ ਕੈਂਸਰ ਸੰਬੰਧੀ ਗਲਤ ਜਾਣਕਾਰੀ ਦੇ ਸਮਾਜ, ਸਿਹਤ ਪ੍ਰਣਾਲੀ ਅਤੇ ਲੋਕਾਂ ਦੇ ਇਲਾਜ ਸੰਬੰਧੀ ਫ਼ੈਸਲਿਆਂ 'ਤੇ ਪੈਣ ਵਾਲੇ ਪ੍ਰਭਾਵਾਂ ਦਾ ਵਿਸਤਿ੍ਤ ਅਧਿਐਨ ਕੀਤਾ ਗਿਆ | ਖੋਜ ਵਿਭਾਗ ਦੇ ਜੂਨੀਅਰ ਰਿਸਰਚ ਫੈਲੋ ਅਤੇ ਪੀ.ਐਚ.ਡੀ. ਖੋਜਾਰਥੀ ਨਮਨ ਵਲੋਂ ਡਾ. ਰੂਬਲ ਕਨੋਜੀਆ ਦੀ ਦੇਖ-ਰੇਖ ਹੇਠ ਕੀਤੀ ਗਈ ਹੈ | ਇਹ ਅਧਿਐਨ ਵਿਭਾਗ ਦੀ 'ਇੰਟਰਵੈਂਸ਼ਨਜ਼ ਡਿਜ਼ਾਇਨ ਐਂਡ ਇਫੈਕਟਸ ਲੈਬ' ਦੇ ਅਧੀਨ ਸੰਪੰਨ ਹੋਇਆ ਹੈ | ਖੋਜ ਟੀਮ ਵਿਚ ਰਿਤੂ ਆਰਿਆ, ਰੌਬਿਨ ਜਿੰਦਲ, ਰਾਗੇਂਦੁ ਅਤੇ ਰਕਤਿਮਾ ਗੁਪਤਾ ਨੇ ਯੋਗਦਾਨ ਦਿੱਤਾ ਹੈ | ਇਸ ਮੌਕੇ ਯੂਨੀਵਰਸਿਟੀ ਦੇ ਕੁਲਪਤੀ ਪ੍ਰੋ. ਰਾਘਵੇਂਦਰ ਪੀ. ਤਿਵਾਰੀ ਨੇ ਖੋਜ ਟੀਮ ਨੂੰ ਵਧਾਈ ਦਿੱਤੀ ਹੈ |