ਬਠਿੰਡਾ, 25 ਮਈ (ਅਵਤਾਰ ਸਿੰਘ ਕੈਂਥ)-ਸਥਾਨਕ ਪਰਸਰਾਮ ਨਗਰ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਗਲੇ 'ਚ ਰੱਸਾ ਬੰਨ੍ਹ ਕੇ ਦਰੱਖਤ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ | ਸਹਾਰਾ ਮੁੱਖ ਦਫ਼ਤਰ 'ਤੇ ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਦੀ ਲਾਈ ਸੇਵਿੰਗ ਬਿ੍ਗੇਡ ਹੈਲਪਲਾਈਨ ਟੀਮ ਸੰਦੀਪ ਗਿੱਲ, ਗੁੱਲੀ ਠਾਕੁਰ ਸਹਾਰਾ ਐਂਬੂਲੈਂਸ ਲੈ ਕੇ ਮੌਕੇ 'ਤੇ ਪਹੁੰਚੀ | ਉੱਥੇ ਘਰ 'ਚ ਹੀ ਲੱਗੇ ਦਰੱਖਤ ਨਾਲ ਵਿਅਕਤੀ ਲਟਕ ਰਿਹਾ ਸੀ | ਕੈਨਾਲ ਕਾਲੋਨੀ ਥਾਣਾ ਦੀ ਪੁਲਿਸ ਟੀਮ ਪਹਿਲਾਂ ਹੀ ਮੌਕੇ 'ਤੇ ਮੌਜੂਦ ਸੀ | ਸਹਾਰਾ ਟੀਮ ਨੇ ਮਿ੍ਤਕ ਦੀ ਲਾਸ਼ ਨੂੰ ਪੁਲਿਸ ਦੀ ਹਾਜ਼ਰੀ 'ਚ ਹੇਠਾਂ ਉਤਾਰਿਆ | ਸੂਤਰਾਂ ਅਨੁਸਾਰ ਮਿ੍ਤਕ ਕਬਾੜ ਦਾ ਕੰਮ ਕਰਦਾ ਸੀ ਅਤੇ ਘਰ ਵਿਚ ਇਕੱਲਾ ਹੀ ਸੀ | ਪਰਿਵਾਰ ਕਿਤੇ ਗਿਆ ਹੋਇਆ ਸੀ ਅਤੇ ਇਕੱਲਾ ਹੀ ਸ਼ਰਾਬ ਪੀਂਦਾ ਰਿਹਾ ਅਤੇ ਫ਼ਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ | ਸਹਾਰਾ ਟੀਮ ਮਿ੍ਤਕ ਹਰੀ ਚੰਦ ਦੀ ਲਾਸ਼ ਨੂੰ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਲੈ ਗਈ | ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ |