ਰਾਮਾਂ ਮੰਡੀ, 25 ਮਈ (ਤਰਸੇਮ ਸਿੰਗਲਾ)- 26 ਮਈ ਨੂੰ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਰਾਮਾਂ ਮੰਡੀ ਵਿਖੇ ਆਮ ਆਦਮੀ ਪਾਰਟੀ ਦੇ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਸਰਕਾਰ ਪੱਖੀ ਨੁਮਾਇੰਦਿਆਂ ਨੇ ਮੰਡੀ ਦੀਆਂ ਟੁੱਟੀਆਂ ਸੜਕਾਂ, ਸਟਰੀਟ ਲਾਈਟਾਂ, ਸੀਵਰੇਜ ਦੇ ਮਸਲੇ 'ਤੇ ਚਿੰਤਾ ਪ੍ਰਗਟ ਕਰਦੀਆਂ ਸ਼ਹਿਰਾਂ ਅਤੇ ਪਿੰਡਾਂ ਦੇ ਵਿਕਾਸ ਲਈ ਨਗਰ ਕੌਂਸਲਾਂ, ਪੰਚਾਇਤਾਂ, ਬਲਾਕ ਸੰਮਤੀਆਂ, ਗ੍ਰਾਮ ਸਭਾਵਾਂ ਅਤੇ ਜ਼ਿਲ੍ਹਾ ਪ੍ਰੀਸ਼ਦਾਂ ਦਾ ਸਰਕਾਰ ਪੱਖੀ ਹੋਣਾ ਜ਼ਰੂਰੀ ਦੱਸਿਆ ਹੈ | ਇਹ ਮਸਲਾ ਲੰਬੇ ਸਮੇਂ ਤੋਂ ਹੀ ਚੱਲਿਆ ਆ ਰਿਹਾ ਹੈ ਅਤੇ ਹਰ ਵਾਰ ਸਥਾਨਕ ਸੰਸਥਾਵਾਂ 'ਤੇ ਇਹ ਮੁੱਦਾ ਮੁੱਖ ਹੁੰਦਾ ਹੈ ਕਿ ਵਿਕਾਸ ਲਈ ਸਥਾਨਕ ਸੰਸਥਾਵਾਂ ਸਰਕਾਰ ਪੱਖੀ ਹੀ ਚੁਣਨੀਆਂ ਚਾਹੀਦੀਆਂ ਹਨ | ਇਸ ਸਬੰਧੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਲੋਕ ਅਧਿਕਾਰ ਲਹਿਰ ਦੇ ਮੈਂਬਰ ਗਗਨਦੀਪ ਸਿੰਘ ਬਹਿਣੀਵਾਲ ਨੇ ਕਿਹਾ ਕਿ ਜੇ ਵਿਕਾਸ ਲਈ ਸਥਾਨਕ ਸੰਸਥਾਵਾਂ ਦਾ ਸਰਕਾਰ ਪੱਖੀ ਹੋਣਾ ਹੀ ਲਾਜ਼ਮੀ ਹੈ, ਤਾਂ ਫ਼ਿਰ ਇਨ੍ਹਾਂ ਚੋਣਾਂ ਦਾ ਮਕਸਦ ਕੀ ਰਹਿ ਜਾਂਦਾ ਹੈ | ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਅਜਿਹੀ ਸਥਿਤੀ 'ਚ ਕਾਨੂੰਨ ਬਣਾ ਕੇ ਇਹ ਸੰਸਥਾਵਾਂ ਵਿਧਾਨ ਸਭਾ ਚੋਣਾਂ ਤੋਂ ਤੁਰੰਤ ਬਾਅਦ ਸਰਕਾਰ ਦੇ ਗਠਨ ਨਾਲ ਹੀ ਨਾਮਜ਼ਦ ਕਰ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ |