ਬਠਿੰਡਾ, 25 ਮਈ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੇ ਅੰਦਰ ਵੱਖ-ਵੱਖ ਥਾਂਵਾਂ ਤੋਂ ਸਮਾਜ ਸੇਵਾ ਜਨ ਸੰਸਥਾ ਵਲੋਂ ਗਰਮੀ ਤੋਂ ਪ੍ਰਭਾਵਿਤ ਤਿੰਨ ਵਿਅਕਤੀਆਂ ਨੂੰ ਵਿਸ਼ੇਸ਼ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਦਾਖ਼ਲ ਕਰਵਾਇਆ ਗਿਆ | ਸਹਾਰਾ ਸੰਸਥਾ ਦੇ ਸੀਨੀਅਰ ਵਰਕਰ ਨੇ ਦੱਸਿਆ ਕਿ ਸਥਾਨਕ ਰੇਲਵੇ ਉਡੀਕ ਘਰ ਨੇੜੇ ਪਾਣੀ ਪੀਂਦੇ ਸਮੇਂ ਇਕ ਯਾਤਰੀ ਗਰਮੀ ਕਾਰਨ ਬੇਹੋਸ਼ ਹੋ ਕੇ ਡਿੱਗ ਪਿਆ | ਦੂਜਾ ਸਾਈਕਲ ਸਵਾਰ ਵਿਅਕਤੀ ਸਥਾਨਕ ਅਮਰੀਕ ਸਿੰਘ ਰੋਡ 'ਤੇ ਤਿੰਨ ਕੋਨੀ ਨੇੜੇ ਗਰਮੀ ਕਾਰਨ ਇਕ ਬੇਹੋਸ਼ ਹੋ ਕੇ ਡਿੱਗ ਪਿਆ | ਇਸ ਤੋਂ ਇਲਾਵਾ ਇਕ ਹੋਰ ਘਟਨਾ ਵਿਚ, ਬੱਸ ਸਟੈਂਡ 'ਤੇ ਗਰਮੀ ਕਾਰਨ ਇਕ ਯਾਤਰੀ ਬੇਹੋਸ਼ ਹੋ ਗਿਆ | ਤਿੰਨਾਂ ਘਟਨਾਵਾਂ ਦੀ ਜਾਣਕਾਰੀ ਮਿਲਣ 'ਤੇ, ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬਿ੍ਗੇਡ ਦੀ ਵਿਸ਼ੇਸ਼ ਬਚਾਅ ਟੀਮ, ਜਿਸ ਵਿਚ ਸੰਦੀਪ ਗਿੱਲ, ਰਾਜੇਂਦਰ ਕੁਮਾਰ ਅਤੇ ਵਿੱਕੀ ਕੁਮਾਰ ਸ਼ਾਮਿਲ ਸਨ, ਤਿੰਨਾਂ ਲੋਕਾਂ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਪਹੁੰਚਾਇਆ ਗਿਆ ਸੀ, ਜਿੱਥੇ ਉਨ੍ਹਾਂ ਨੂੰ ਤੁਰੰਤ ਡਾਕਟਰ ਦੁਆਰਾ ਮੁੱਢਲੀ ਸਹਾਇਤਾ ਪ੍ਰਦਾਨ ਕੀਤੀ ਗਈ | ਸਹਾਰਾ ਦੇ ਚੇਅਰਮੈਨ ਗੋਇਲ ਨੇ ਕਿਹਾ ਕਿ ਸਹਾਰਾ ਜਨ ਸੇਵਾ ਦੀਆਂ ਐਂਬੂਲੈਂਸ ਟੀਮਾਂ ਗਰਮੀਆਂ ਦੌਰਾਨ ਹਰ ਸਮੇਂ ਸਰਗਰਮ ਰਹਿੰਦੀਆਂ ਹਨ ਤਾਂ ਜੋ ਗਰਮੀ ਵਿਚ ਕਿਸੇ ਨੂੰ ਨੁਕਸਾਨ ਨਾ ਪਹੁੰਚੇ | ਬਾਅਦ ਵਿਚ ਗਰਮੀ ਤੋਂ ਪੀੜਤ ਮਰੀਜ਼ਾਂ ਨੂੰ ਘਰ ਘਰ ਵਿਚ ਪਹੁੰਚਾਇਆ ਗਿਆ |