ਸੁਨਾਮ ਊਧਮ ਸਿੰਘ ਵਾਲਾ, 25 ਮਈ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਮੀਟਿੰਗ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਜਥੇਬੰਦੀ ਦੇ ਜ਼ਿਲ੍ਹਾ ਜਰਨਲ ਸਕੱਤਰ ਦਰਬਾਰਾ ਸਿੰਘ ਛਾਜਲਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਮੀਟਿੰਗ 'ਚ ਕਿਸਾਨੀ ਮਸਲਿਆਂ ਬਾਰੇ ਵਿਚਾਰ ਚਰਚਾ ਕੀਤੀ ਗਈ | ਕਿਸਾਨ ਆਗੂ ਦਰਬਾਰਾ ਸਿੰਘ ਛਾਜਲਾ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਅਤੇ ਕਿਸਾਨੀ ਮੰਗਾਂ ਯੂਰੀਆ ਅਤੇ ਡੀ.ਏ.ਪੀ. ਖਾਦ ਦੀ ਸਪਲਾਈ ਨੂੰ ਯਕੀਨੀ ਬਣਾਉਣ, ਡੀਜ਼ਲ ਪੈਟਰੋਲ ਦੇ ਵਧੇ ਰੇਟ ਵਾਪਸ ਲੈਣ, ਬੈਂਕਾਂ ਵਲੋਂ ਨਕਦੀ 'ਤੇ ਲਾਈ ਰੋਕ ਵਾਪਸ ਲੈਣ, ਝੋਨੇ ਦੀ ਐਮ.ਐਸ.ਪੀ 'ਚ ਮਾਮੂਲੀ ਵਾਧੇ ਦੇ ਵਿਰੋਧ, ਕਿਸਾਨਾਂ ਮਜ਼ਦੂਰਾਂ ਦੀ ਕੁੱਲ ਕਰਜ਼ਾ ਮੁਆਫ਼ੀ, 58 ਸਾਲਾਂ ਤੋਂ ਵੱਧ ਉਮਰ ਦੀ ਬੁਢਾਪਾ ਪੈਨਸ਼ਨ 10 ਹਜ਼ਾਰ ਰੁਪਏ ਦੇਣ, ਸੀਡ ਬਿੱਲ, ਬਿਜਲੀ ਸੋਧ ਬਿੱਲ ਦੇ ਵਿਰੋਧ, ਭਾਰਤ ਅਮਰੀਕਾ ਵਪਾਰਕ ਸਮਝੌਤੇ ਦੇ ਵਿਰੋਧ ਅਤੇ ਹੜ੍ਹ ਪੀੜਤਾਂ ਨੂੰ ਯੋਗ ਮੁਆਵਜ਼ਾ ਦੇਣ ਦੀ ਮੰਗ ਨੂੰ ਲੈ ਕੇ 2 ਜੂਨ ਨੂੰ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਡਿਪਟੀ ਕਮਿਸ਼ਨਰ ਸੰਗਰੂਰ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਜਾਵੇਗਾ | ਇਸ ਮੌਕੇ ਬਲਾਕ ਆਗੂ ਰਾਮ ਸਰਨ ਸਿੰਘ ਉਗਰਾਹਾਂ, ਸੁਖਪਾਲ ਸਿੰਘ ਮਾਣਕ ਕਣਕਵਾਲ, ਪਾਲ ਸਿੰਘ ਦੌਲਾ ਸਿੰਘ ਵਾਲਾ, ਯਾਦਵਿੰਦਰ ਸਿੰਘ ਚੱਠੇ ਨੱਕਟੇ, ਜੀਤ ਸਿੰਘ ਗੰਢੂਆਂ, ਗੁਰਤੇਜ ਸਿੰਘ ਮੈਦੇਵਾਸ ਅਤੇ ਬਲਜੀਤ ਸਿੰਘ ਮਾਡਲ ਟਾਊਨ ਆਦਿ ਮੌਜੂਦ ਸਨ |