ਬਠਿੰਡਾ, 30 ਮਈ (ਅੰਮਿ੍ਤਪਾਲ ਸਿੰਘ ਵਲਾਣ)-ਜ਼ਿਲਾ ਬਠਿੰਡਾ ਵਿਚ ਜਨਗਣਨਾ 2027 ਫੇਜ਼-1 ਹਾਊਸਲਿਸਟਿੰਗ ਅਤੇ ਹਾਊਸਿੰਗ ਆਪਰੇਸ਼ਨਜ਼ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਅਹਿਮ ਸਮੀਖਿਆ ਮੀਟਿੰਗ ਡਾ: ਨਵਜੋਤ ਖੋਸਾ ਆਈ. ਏ. ਐਸ., ਡਾਇਰੈਕਟਰ ਜਨਗਣਨਾ ਕਾਰਜ, ਪੰਜਾਬ ਵਲੋਂ ਡਿਪਟੀ ਕਮਿਸ਼ਨਰ ਬਠਿੰਡਾ ਰਾਜੇਸ਼ ਧੀਮਾਨ ਆਈ.ਏ.ਐਸ, ਏ. ਡੀ. ਸੀ. ਮੈਡਮ ਕੰਚਨ ਆਈ. ਏ. ਐਸ. ਅਤੇ ਮਿਊਾਸਪਲ ਕਮਿਸ਼ਨਰ ਬਠਿੰਡਾ ਲਵਜੀਤ ਕਲਸੀ ਪੀ. ਸੀ. ਐਸ. ਦੀ ਹਾਜ਼ਰੀ ਵਿਚ ਕੀਤੀ ਗਈ | ਇਸ ਮੀਟਿੰਗ ਵਿਚ ਸਬੰਧਿਤ ਅਧਿਕਾਰੀਆਂ, ਚਾਰਜ ਅਫ਼ਸਰਾਂ ਅਤੇ ਜਨਗਣਨਾ ਕਾਰਜ ਨਾਲ ਜੁੜੇ ਅਧਿਕਾਰੀਆਂ ਨੇ ਭਾਗ ਲਿਆ | ਸਮੀਖਿਆ ਦੌਰਾਨ ਡਾਇਰੈਕਟਰ ਨੇ ਜ਼ਿਲੇ ਭਰ ਵਿਚ ਜਨਗਣਨਾ ਗਤੀਵਿਧੀਆਂ ਵਿਚ ਲੱਗੇ 2530 ਗਿਣਤੀਕਾਰਾਂ ਅਤੇ 420 ਸੁਪਰਵਾਈਜ਼ਰਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ | ਉਨਾਂ ਚਾਰਜ ਅਫ਼ਸਰਾਂ ਅਤੇ ਫੀਲਡ ਸਟਾਫ ਵਲੋਂ ਫੇਜ਼-1 ਜਨਗਣਨਾ ਕਾਰਜ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੂਰਾ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ | ਉਨਾਂ ਨੇ ਹਦਾਇਤ ਕੀਤੀ ਕਿ ਜਨਗਣਨਾ ਗਤੀਵਿਧੀਆਂ ਨੂੰ ਜੂਨ, 2026 ਦੇ ਦੂਜੇ ਹਫ਼ਤੇ ਤੋਂ ਪਹਿਲਾਂ ਪੂਰਾ ਕੀਤਾ ਜਾਵੇ | ਡਾਇਰੈਕਟਰ ਜਨਗਣਨਾ ਕਾਰਜ ਨੇ ਜਨਗਣਨਾ ਕਾਰਜ ਦੀ ਗੁਣਵੱਤਾ ਦਾ ਜਾਇਜ਼ਾ ਲੈਣ ਲਈ ਫੀਲਡ ਇੰਸਪੈਕਸ਼ਨ ਵੀ ਕੀਤਾ | ਜ਼ਿਲੇ ਵਿਚ ਮੌਜੂਦਾ ਗਰਮੀ ਦੀ ਲਹਿਰ (ਹੀਟਵੇਵ) ਦੇ ਮੱਦੇਨਜ਼ਰ ਫੀਲਡ ਗਤੀਵਿਧੀਆਂ ਵਿਚ ਲੱਗੇ ਸਾਰੇ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਆਪਣੀ ਸਿਹਤ ਅਤੇ ਸੁਰੱਖਿਆ ਲਈ ਲੋੜੀਂਦੀਆਂ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ | ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਭਰੋਸਾ ਦਿਵਾਇਆ ਕਿ ਜ਼ਿਲਾ ਬਠਿੰਡਾ ਵਿਚ ਜਨਗਣਨਾ ਸਬੰਧੀ ਸਾਰੀਆਂ ਗਤੀਵਿਧੀਆਂ ਨਿਰਧਾਰਤ ਸਮੇਂ ਤੋਂ ਪਹਿਲਾਂ ਹੀ ਪੂਰੀਆਂ ਕਰ ਲਈਆਂ ਜਾਣਗੀਆਂ |