ਬਠਿੰਡਾ, 8 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੰਜਾਬ ਸਰਕਾਰ ਵਲੋਂ ਸੂਬੇ ਨੂੰ ਸਾਫ਼-ਸੁਥਰਾ ਅਤੇ ਸੁੰਦਰ ਬਣਾਉਣ ਦੇ ਉਦੇਸ਼ ਨਾਲ ਮੁੱਖ ਮੰਤਰੀ ਪੰਜਾਬ ਵਲੋਂ ਸ਼ੁਰੂ ਕੀਤੇ ਗਏ 'ਮਿਸ਼ਨ ਕਲੀਨ ਪੰਜਾਬ, ਪਰਾਊਡ ਪੰਜਾਬ' ਤਹਿਤ ਸਥਾਨਕ ਸਰਕਾਰਾਂ ਮੰਤਰੀ, ਪੰਜਾਬ ਅਤੇ ਪ੍ਰਮੁੱਖ ਸਕੱਤਰ, ਸਥਾਨਕ ਸਰਕਾਰਾਂ ਵਿਭਾਗ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਨਗਰ ਨਿਗਮ ਬਠਿੰਡਾ ਵਲੋਂ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ | ਇਹ ਜਾਣਕਾਰੀ ਕਮਿਸ਼ਨਰ ਨਗਰ ਨਿਗਮ ਬਠਿੰਡਾ ਲਵਜੀਤ ਕਲਸੀ ਨੇ ਸਾਂਝੀ ਕੀਤੀ | ਕਮਿਸ਼ਨਰ ਨਗਰ ਨਿਗਮ ਨੇ ਦੱਸਿਆ ਕਿ ਬਠਿੰਡਾ ਸ਼ਹਿਰ ਨੂੰ 'ਮਿਸ਼ਨ ਕਲੀਨ ਪੰਜਾਬ, ਪਰਾਊਡ ਪੰਜਾਬ' ਤਹਿਤ ਸਾਫ਼-ਸੁਥਰਾ ਤੇ ਖੂਬਸੂਰਤ ਰੱਖਣ ਅਤੇ ਲੋਕ ਸਮੱਸਿਆਵਾਂ ਦੇ ਤੁਰੰਤ ਨਿਪਟਾਰੇ ਲਈ ਨਗਰ ਨਿਗਮ ਦੇ ਉੱਚ ਅਧਿਕਾਰੀ ਰੋਜ਼ਾਨਾ ਫੀਲਡ ਵਿਜਿਟ ਕਰਨਗੇ ਤਾਂ ਜੋ ਸ਼ਹਿਰ ਵਾਸੀਆਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ | ਉਨ੍ਹਾਂ ਦੱਸਿਆ ਕਿ ਨਗਰ ਨਿਗਮ ਵਲੋਂ ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਹੋਰ ਸੁਦਿ੍ੜ੍ਹ ਬਣਾਉਣ ਅਤੇ ਆਮ ਪਬਲਿਕ ਦੀ ਸਹੂਲਤ ਲਈ ਹੁਕਮ ਜਾਰੀ ਕਰਦੇ ਹੋਏ ਸਮੂਹ ਨਿਗਰਾਨ ਇੰਜੀਨੀਅਰ, ਨਿਗਮ ਇੰਜੀਨੀਅਰ ਅਤੇ ਸੈਨੀਟੇਸ਼ਨ ਅਫ਼ਸਰਾਂ ਦੀਆਂ ਡਿਊਟੀਆਂ ਰੋਜ਼ਾਨਾ ਸ਼ਹਿਰ ਦੇ 8 ਜ਼ੋਨਾਂ ਵਿਚ ਫ਼ੀਲਡ ਸਟਾਫ਼ ਦੀ ਹਾਜ਼ਰੀ, ਸਫ਼ਾਈ ਤੇ ਕੂੜੇ ਦੇ ਨਿਪਟਾਰੇ, ਬੁਨਿਆਦੀ ਢਾਂਚੇ ਦੀ ਮੁਰੰਮਤ, ਸਟਰੀਟ ਲਾਈਟਾਂ ਦੀ ਮੁਰੰਮਤ ਤੁਰੰਤ ਕਰਵਾਉਣ ਲਈ ਲਗਾਈਆਂ ਗਈਆਂ ਹਨ | ਇਸ ਦੇ ਨਾਲ ਹੀ ਸਮੂਹ ਅਧਿਕਾਰੀਆਂ ਨੂੰ ਹੁਕਮ ਦਿੱਤੇ ਗਏ ਕਿ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਸੁਣਕੇ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ | ਇਸੇ ਤਹਿਤ ਕਮਿਸ਼ਨਰ ਨਗਰ ਨਿਗਮ ਲਵਜੀਤ ਕਲਸੀ ਵਲੋਂ 'ਮਿਸ਼ਨ ਕਲੀਨ ਪੰਜਾਬ, ਪਰਾਊਡ ਪੰਜਾਬ' ਅੱਜ ਸਵੇਰੇ ਖੁਦ ਫ਼ੀਲਡ ਵਿਚ ਚੈਕਿੰਗ ਕੀਤੀ ਗਈ ਅਤੇ ਸਾਰੇ ਕੰਮਾਂ ਦਾ ਜਾਇਜ਼ਾ ਲੈਂਦਿਆਂ ਨਾਲ ਹੀ ਲੋਕਾਂ ਦੀਆਂ ਸ਼ਿਕਾਇਤਾ ਨੂੰ ਸੁਣ ਕੇ ਸ਼ਿਕਾਇਤਾਂ ਦਾ ਮੌਕੇ 'ਤੇ ਨਿਪਟਾਰਾ ਕੀਤਾ ਗਿਆ | ਉਨ੍ਹਾਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਵਿੱਚ ਨਗਰ ਨਿਗਮ ਦਾ ਸਹਿਯੋਗ ਦੇਣ |