ਮਹਿਰਾਜ, 8 ਜੂਨ (ਸੁਖਪਾਲ ਮਹਿਰਾਜ)- ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੱਧੂ ਵਲੋਂ ਅੱਜ ਪਿੰਡ ਮਹਿਰਾਜ, ਕੋਠੇ ਹਿੰਮਤਪੁਰਾ, ਨਥਾਣਾ, ਭੈਣੀ ਅਤੇ ਮਾੜੀ ਦੀ ਲਗਭਗ 2739 ਏਕੜ ਖੇਤੀਬਾੜੀ ਜ਼ਮੀਨ ਤੱਕ ਨਹਿਰੀ ਪਾਣੀ ਪਹੁੰਚਾਉਣ ਲਈ ਕਰੀਬ 11 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਨਵੇਂ ਮੋਘੇ ਦਾ ਨੀਂਹ ਪੱਥਰ ਰੱਖਿਆ ਗਿਆ | ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਦਹਾਕਿਆਂ ਤੋਂ ਪਾਣੀ ਦੀ ਘਾਟ ਨਾਲ ਜੂਝ ਰਹੇ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਖੇਤਰ ਦੀ ਪਿਆਸੀ ਧਰਤੀ ਨੂੰ ਨਵਾਂ ਜੀਵਨ ਮਿਲੇਗਾ | ਇਸ ਮੌਕੇ ਵਿਧਾਇਕ ਬਲਕਾਰ ਸਿੱਧੂ ਨੇ ਕਿਹਾ ਕਿ ਪੰਜਾਬ ਵਿਚ ਲਗਾਤਾਰ ਡਿੱਗ ਰਹੇ ਭੂ-ਜਲ ਪੱਧਰ ਨੂੰ ਦੇਖਦਿਆਂ ਨਹਿਰੀ ਪਾਣੀ ਦੀ ਉਪਲਬਧਤਾ ਸਮੇਂ ਦੀ ਸਭ ਤੋਂ ਵੱਡੀ ਲੋੜ ਬਣ ਚੁੱਕੀ ਹੈ | ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਨਾ ਸਿਰਫ਼ ਕਿਸਾਨਾਂ ਦੀਆਂ ਸਿੰਚਾਈ ਸੰਬੰਧੀ ਮੁਸ਼ਕਿਲਾਂ ਨੂੰ ਦੂਰ ਕਰੇਗਾ, ਸਗੋਂ ਟਿਊਬਵੈੱਲਾਂ 'ਤੇ ਨਿਰਭਰਤਾ ਘਟਾ ਕੇ ਧਰਤੀ ਹੇਠਲੇ ਪਾਣੀ ਦੀ ਸੰਭਾਲ ਵਿਚ ਵੀ ਅਹਿਮ ਭੂਮਿਕਾ ਨਿਭਾਏਗਾ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਭਲਾਈ ਅਤੇ ਖੇਤੀਬਾੜੀ ਦੇ ਟਿਕਾਊ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ | ਨਹਿਰੀ ਪਾਣੀ ਦੀ ਪਹੁੰਚ ਨੂੰ ਵਧਾਉਣ ਲਈ ਵੱਖ-ਵੱਖ ਯੋਜਨਾਵਾਂ ਤਹਿਤ ਵਿਕਾਸ ਕਾਰਜ ਤੇਜ਼ੀ ਨਾਲ ਚਲਾਏ ਜਾ ਰਹੇ ਹਨ, ਤਾਂ ਜੋ ਵੱਧ ਤੋਂ ਵੱਧ ਰਕਬੇ ਨੂੰ ਸਿੰਚਾਈ ਸਹੂਲਤਾਂ ਨਾਲ ਜੋੜਿਆ ਜਾ ਸਕੇ | ਇਸ ਉਪਰਾਲੇ ਦਾ ਸਵਾਗਤ ਕਰਦਿਆਂ ਇਲਾਕੇ ਦੇ ਕਿਸਾਨਾਂ ਨੇ ਕਿਹਾ ਕਿ ਨਹਿਰੀ ਪਾਣੀ ਦੀ ਉਪਲਬਧਤਾ ਨਾਲ ਖੇਤੀ ਦੀ ਲਾਗਤ ਵਿਚ ਕਮੀ ਆਵੇਗੀ, ਫ਼ਸਲਾਂ ਦੀ ਪੈਦਾਵਾਰ ਵਧੇਗੀ ਅਤੇ ਪਾਣੀ ਦੀ ਘਾਟ ਕਾਰਨ ਦਰਪੇਸ਼ ਸਮੱਸਿਆਵਾਂ ਤੋਂ ਕਾਫ਼ੀ ਹੱਦ ਤੱਕ ਨਿਜਾਤ ਮਿਲੇਗੀ | ਕਿਸਾਨਾਂ ਨੇ ਇਸ ਪ੍ਰੋਜੈਕਟ ਨੂੰ ਖੇਤਰ ਦੀ ਖੇਤੀਬਾੜੀ ਲਈ ਮੀਲ ਪੱਥਰ ਕਰਾਰ ਦਿੱਤਾ | ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਪੰਚਾਇਤ ਨੁਮਾਇੰਦੇ, ਕਿਸਾਨ ਅਤੇ ਇਲਾਕੇ ਦੇ ਪਤਵੰਤੇ ਵਿਅਕਤੀ ਵੀ ਹਾਜ਼ਰ ਸਨ |