11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਮਾਨਸਾ ਬੰਦ ਨੂੰ ਲੈ ਕੇ ਸ਼ਹਿਰੀ ਹੋਏ ਦੋ-ਫਾੜ, ਜਥੇਬੰਦੀਆਂ ਇਕ-ਦੂਜੇ ’ਤੇ ਦੋਸ਼ ਲਗਾਉਣ ਲੱਗੀਆਂ

Ad Position 21
No active advertisement
ਅਜੀਤ ਡੈਸਕ 19-06-2026

ਮਾਨਸਾ, 18 ਜੂਨ (ਬਲਵਿੰਦਰ ਸਿੰਘ ਧਾਲੀਵਾਲ/ਰਾਵਿੰਦਰ ਸਿੰਘ ਰਵੀ)- ਨਗਰ ਕੌਂਸਲ ਮਾਨਸਾ ਦੇ ਵਾਰਡ ਨੰਬਰ 18 ਤੋਂ ਜਿੱਤੇ ਆਜ਼ਾਦ ਉਮੀਦਵਾਰ ਅਰਪਿਤ ਚੌਧਰੀ ‘ਤੇ ਪੁਲਿਸ ਵਲੋਂ ਆਰਮਜ਼ ਐਕਟ ਤਹਿਤ ਦਰਜ ਕੀਤੇ ਮੁਕੱਦਮੇ ਨੂੰ ਲੈ ਕੇ ਸ਼ਹਿਰੀ ਦੋ-ਫਾੜ ਹੋ ਗਏ ਹਨ। ਉਹ ਇਕ-ਦੂਜੇ ‘ਤੇ ਦੂਸ਼ਣਬਾਜ਼ੀ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਨਗਰ ਕੌਂਸਲ ਚੋਣਾਂ ਦੌਰਾਨ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਵਾਪਸ ਲੈਣ ਵਾਲੇ ਦਿਨ ਚੌਧਰੀ ਦੇ ਕਾਗ਼ਜ਼ ਰੱਦ ਕਰਨ ਦੇ ਖ਼ਦਸ਼ੇ ਨੂੰ ਲੈ ਕੇ 21 ਮੈਂਬਰੀ ਸੰਘਰਸ਼ ਕਮੇਟੀ ਤੋਂ ਇਲਾਵਾ ਵੱਖ-ਵੱਖ ਰਾਜਸੀ ਧਿਰਾਂ ਦੇ ਨਾਲ ਹੀ ਸ਼ਹਿਰੀਆਂ ਨੇ ਤਿੱਖਾ ਵਿਰੋਧ ਕੀਤਾ ਸੀ ਅਤੇ ਉਸ ਵਕਤ ਹਲਕਾ ਵਿਧਾਇਕ ਡਾ. ਵਿਜੇ ਸਿੰਗਲਾ ਦਾ ਘਿਰਾ� ਵੀ ਕਰ ਲਿਆ ਸੀ। ਚੋਣ ਉਪਰੰਤ ਅਰਪਿਤ ਜਿੱਤ ਹਾਸਲ ਕਰ ਗਿਆ ਜਦਕਿ ਉਨ੍ਹਾਂ ਦੇ ਚਾਚੇ ਦਾ ਪੁੱਤਰ ਨੇਮ ਚੰਦ ਨੇਮਾ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਚੋਣਾਂ ਵਾਲੇ ਦਿਨ ਬਾਊਂਸਰ ਕੋਲ ਹਥਿਆਰ ਹੋਣ ਦੇ ਦੋਸ਼ ‘ਚ ਪੁਲਿਸ ਨੇ ਮੁਕੱਦਮਾ ਦਰਜ ਕੀਤਾ ਸੀ, ਜਿਸ ‘ਚ ਧਾਰਾ 120 ਤਹਿਤ ਅਰਪਿਤ ਚੌਧਰੀ ਨੂੰ ਨਾਮਜ਼ਦ ਕਰ ਲਿਆ ਸੀ। ਇਸ ਮੁਕੱਦਮੇ ਨੂੰ ਰੱਦ ਕਰਵਾਉਣ ਲਈ 2 ਦਿਨ ਪਹਿਲਾਂ ਸੰਘਰਸ਼ ਕਮੇਟੀ ਤੋਂ ਇਲਾਵਾ ਵਪਾਰ ਮੰਡਲ ਤੇ ਹੋਰ ਜਥੇਬੰਦੀਆਂ ਨੇ ਰੋਸ ਵਜੋਂ 20 ਜੂਨ ਨੂੰ ਮਾਨਸਾ ਸ਼ਹਿਰ ਨੂੰ ਬੰਦ ਕਰਨ ਦਾ ਸੱਦਾ ਦਿੱਤਾ ਗਿਆ। ਉਨ੍ਹਾਂ ਦਾ ਦੋਸ਼ ਹੈ ਕਿ ਇਹ ਮੁਕੱਦਮਾ ਸਿਆਸੀ ਬਦਲਾਖੋਰੀ ਤਹਿਤ ਕੀਤਾ ਗਿਆ ਹੈ ਕਿ ਕਿਉਂਕਿ ਅਰਪਿਤ ਨਗਰ ਕੌਂਸਲ ਦੇ ਪ੍ਰਧਾਨ ਵਜੋਂ ਵਿਰੋਧੀ ਧਿਰ ਦੇ ਉਮੀਦਵਾਰ ਵਜੋਂ ਉੱਭਰਿਆ ਹੈ। ਸ਼ਹਿਰ ਬੰਦ ਦੇ ਮਾਮਲੇ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਬੀਤੀ ਸ਼ਾਮ ਤੋਂ ਇਹ ਸੰਦੇਸ਼ ਵੀ ਸਾਹਮਣੇ ਆ ਰਹੇ ਹਨ ਕਿ ਇਹ ਕੋਈ ਸਮਾਜਿਕ ਮਸਲਾ ਨਹੀਂ ਅਤੇ ਸ਼ਹਿਰ ਕਿਸੇ ਵੀ ਹਾਲਤ ‘ਚ ਬੰਦ ਨਹੀਂ ਕੀਤਾ ਜਾਵੇਗਾ।
ਮੁਕੱਦਮਾ ਰੱਦ ਕਰਵਾਉਣ ਲਈ ਆਰ-ਪਾਰ ਦੀ ਲੜਾਈ ਲੜਨ ਦਾ ਐਲਾਨ
ਇਸੇ ਦੌਰਾਨ ਬੰਦ ਨੂੰ ਸਫਲ ਕਰਨ ਲਈ ਵਪਾਰ ਮੰਡਲ, ਸੰਘਰਸ਼ ਕਮੇਟੀ ਤੇ ਹੋਰ ਜਥੇਬੰਦੀਆਂ ਦੀ ਇਕੱਤਰਤਾ ਹੋਈ, ਜਿਸ ‘ਚ ਫ਼ੈਸਲਾ ਕੀਤਾ ਗਿਆ ਕਿ ਮੁਕੱਦਮਾ ਰੱਦ ਕਰਵਾਉਣ ਲਈ ਆਰ-ਪਾਰ ਦੀ ਲੜਾਈ ਲੜੀ ਜਾਵੇਗੀ। ਮੀਟਿੰਗ ‘ਚ ਸੰਬੋਧਨ ਤੇ ਸ਼ਾਮਿਲ ਹੋਣ ਵਾਲਿਆਂ ‘ਚ ਮਨੋਜ ਕੁਮਾਰ ਗੋਇਲ, ਵਿਕਰਮ ਸਿੰਘ ਟੈਕਸਲਾ, ਰਮੇਸ਼ ਕੁਮਾਰ ਟੋਨੀ, ਚੰਦਰ ਕਾਂਤ ਕੁੱਕੀ, ਬਲਜੀਤ ਕੁਮਾਰ ਸ਼ਰਮਾ, ਸਤੀਸ਼ ਕੁਮਾਰ ਗੋਇਲ, ਅਮਰਜੀਤ ਸਿੰਘ ਕਟੌਦੀਆ, ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ, ਰੁਲਦੂ ਸਿੰਘ ਮਾਨਸਾ, ਸੁਰੇਸ਼ ਕੁਮਾਰ ਨੰਦਗੜ੍ਹੀਆ, ਐਡਵੋਕੇਟ ਗੁਰਲਾਭ ਸਿੰਘ ਮਾਹਲ, ਮੰਗਤ ਰਾਮ ਬਾਂਸਲ, ਡਾ. ਜਨਕ ਰਾਜ ਸਿੰਗਲਾ, ਕ੍ਰਿਸ਼ਨ ਚੌਹਾਨ, ਧੰਨਾ ਮੱਲ ਗੋਇਲ, ਮਾਨਿਕ ਗੋਇਲ, ਜਤਿੰਦਰ ਕੁਮਾਰ ਆਗਰਾ, ਹਰਵਿੰਦਰ ਭਾਰਦਵਾਜ, ਮਨਜੀਤ ਸਿੰਘ ਸਦਿ�ੜਾ, ਮਨਦੀਪ ਸਿੰਘ ਗੋਰਾ ਆਦਿ ਸਨ।
ਸ਼ਹਿਰ ਬੰਦ ਕਰਨ ਦਾ ਕਈ ਜਥੇਬੰਦੀਆਂ ਵਲੋਂ ਤਿੱਖਾ ਵਿਰੋਧ
ਉੱਧਰ ਦੂਸਰੇ ਪਾਸੇ ਸ਼ਹਿਰ ਬੰਦ ਕਰਨ ਦੇ ਵਿਰੋਧ ‘ਚ ਵੱਖ-ਵੱਖ ਜਥੇਬੰਦੀਆਂ ਤੇ ਆਮ ਲੋਕਾਂ ਵਲੋਂ ਲਕਸ਼ਮੀ ਨਰਾਇਣ ਮੰਦਰ ਵਿਖੇ ਵੱਡਾ ਇਕੱਠ ਕੀਤਾ ਗਿਆ। ਉਨ੍ਹਾਂ ਦੋਸ਼ ਲਗਾਇਆ ਕਿ ਕੁਝ ਲੋਕ ਰਾਜਸੀ ਰੋਟੀਆਂ ਸੇਕਣ ਲਈ ਤਰ੍ਹਾਂ-ਤਰ੍ਹਾਂ ਦੇ ਪਾਪੜ ਵੇਲ ਰਹੇ ਹਨ, ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਬੁਲਾਰਿਆਂ ਨੇ ਕਿਹਾ ਕਿ ਬਾਜ਼ਾਰ ਬੰਦ ਕਰਨ ਦਾ ਮਾਮਲਾ ਆਮ ਲੋਕਾਂ ਦੇ ਹਿਤਾਂ ਦੇ ਵਿਰੁੱਧ ਹੈ, ਜਿਸ ਕਰ ਕੇ ਇਸ ਬੰਦ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ ਕਿਉਂਕਿ ਸ਼ਹਿਰ ਬੰਦ ਹੋਣ ਨਾਲ ਮਜ਼ਦੂਰਾਂ ਤੋਂ ਲੈ ਕੇ ਛੋਟੇ ਦੁਕਾਨਦਾਰਾਂ ਤੇ ਫੜੀ ਰੇਹੜੀ ਵਾਲਿਆਂ ਆਦਿ ਦੀ ਦਿਹਾੜੀ ਮਰ ਜਾਂਦੀ ਹੈ ਅਤੇ ਉਹ ਸ਼ਾਮ ਦੀ ਰੋਟੀ ਤੋਂ ਮੁਹਤਾਜ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਕ ਸਾਧਾਰਨ ਮੁੱਦੇ ਨੂੰ ਜਾਣਬੁੱਝ ਕੇ ਉਛਾਲਿਆ ਜਾ ਰਿਹਾ ਹੈ। ਇਕੱਠ ਨੂੰ ਕੌਂਸਲਰ ਹਰਪਾਲ ਸਿੰਘ ਪਾਲੀ ਤੇ ਸੁਖਦੀਪ ਸਿੰਘ ਸੈਂਡੀ, ਆਪ ਆਗੂ ਇੰਦਰਜੀਤ ਸਿੰਘ ਉੱਭਾ, ਨੇਮ ਚੰਦ ਨੇਮਾ, ਅਜੇ ਕੁਮਾਰ, ਜੋਨੀ ਕੁਮਾਰ ਸਾਬਕਾ ਐਮ.ਸੀ., ਟਰੱਕ ਯੂਨੀਅਨ ਦੇ ਪ੍ਰਧਾਨ ਰਿੰਪੀ ਮਾਨਸ਼ਾਹੀਆ, ਬਿੱਕਰ ਸਿੰਘ ਮੰਘਾਣੀਆਂ, ਨਰੇਸ਼ ਕੁਮਾਰ ਬਿਰਲਾ, ਐਡਵੋਕੇਟ ਅਮਨ ਸਿੰਗਲਾ, ਕਮਲਦੀਪ ਸਿੰਘ ਆਦਿ ਨੇ ਸੰਬੋਧਨ ਕੀਤਾ। ਦੂਸਰੇ ਪਾਸੇ ਇਸ ਮੁੱਦੇ ਨੂੰ ਲੈ ਕੇ ਪ੍ਰਸ਼ਾਸਨ ਹੁਣੇ ਤੋਂ ਮੁਸਤੈਦੀ ਵਰਤ ਰਿਹਾ ਹੈ ਕਿਉਂਕਿ ਜੇਕਰ ਸ਼ਹਿਰੀਆਂ ‘ਚ ਟਕਰਾਅ ਹੋ ਜਾਂਦਾ ਹੈ ਤਾਂ ਕੋਈ ਵੀ ਨੁਕਸਾਨ ਹੋ ਸਕਦਾ ਹੈ।

Ad Position 22
No active advertisement
ਪਿਛਲੀ ਖ਼ਬਰ ਜੋਧਪੁਰ ਰੋਮਾਣਾ ਵਿਖੇ ਸਾਉਣੀ ਫ਼ਸਲਾਂ, ਸੰਬੰਧੀ ਕਿਸਾਨ ਸਿਖਲਾਈ ਕੈਂਪ ਅਗਲੀ ਖ਼ਬਰ ਲੋਕ ਭਲਾਈ ਸੇਵਾ ਸੰਮਤੀ ਵਲੋਂ ਲੋੜਵੰਦ ਪਰਿਵਾਰ ਦੇ ਮੈਂਬਰ ਨੂੰ ਵੀਲ੍ਹ ਚੇਅਰ ਦਾ ਸਹਿਯੋਗ
Ad Position 24