ਬਠਿੰਡਾ, 22 ਜੂਨ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਜ਼ਿਲ੍ਹਾ ਚੋਣ ਅਫ਼ਸਰ ਰਾਜੇਸ਼ ਧੀਮਾਨ, ਆਈ.ਏ.ਐਸ. ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਅਤੇ ਉਨ੍ਹਾਂ ਵਲੋਂ ਨਿਯੁਕਤ ਕੀਤੇ ਬੂਥ ਲੈਵਲ ਏਜੰਟ ਨਾਲ ਵਿਸ਼ੇਸ਼ ਵੋਟਰ ਸੁਧਾਈ ਸਬੰਧੀ ਅਹਿਮ ਮੀਟਿੰਗ ਕਰਦਿਆਂ ਵੋਟਰ ਸੂਚੀਆਂ ਦੀ ਸੁਧਾਈ ਅਤੇ ਅਪਡੇਟ ਕਰਨ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਵਿਸ਼ੇਸ਼ ਵੋਟਰ ਸੁਧਾਈ ਦਾ ਮੁੱਖ ਉਦੇਸ਼ ਵੋਟਰ ਸੂਚੀਆਂ ਨੂੰ ਦਰੁਸਤ ਰੱਖਣਾ ਹੈ ਤਾਂ ਜੋ ਹਰ ਯੋਗ ਨਾਗਰਿਕ ਦਾ ਨਾਮ ਵੋਟਰ ਸੂਚੀ ਵਿਚ ਦਰਜ ਹੋ ਸਕੇ ਅਤੇ ਅਯੋਗ ਜਾਂ ਦੁਹਰਾਏ ਹੋਏ ਵੋਟਰਾਂ ਨੂੰ ਹਟਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਰਾਜਨੀਤਿਕ ਪਾਰਟੀਆਂ ਵਲੋਂ ਤਾਇਨਾਤ ਕੀਤੇ ਗਏ ਸਾਰੇ ਬੂਥ ਲੈਵਲ ਏਜੰਟ ਆਪਣੇ ਨਾਲ ਸਬੰਧਿਤ ਬੂਥ ਲੈਵਲ ਅਫਸਰਾਂ ਨਾਲ ਰਾਬਤਾ ਰੱਖਣ। 25 ਜੂਨ ਤੋਂ ਬੂਥ ਲੈਵਲ ਅਫ਼ਸਰਾਂ ਵਲੋਂ ਵਿਸ਼ੇਸ਼ ਫਾਰਮ ਘਰ ਘਰ ਪਹੁੰਚਾਏ ਜਾਣਗੇ । ਵੋਟਰਾਂ ਲਈ ਲਾਜ਼ਮੀ ਹੋਵੇਗਾ ਕਿ ਉਹ ਇਹ ਫਾਰਮ ਭਰ ਕੇ ਵਾਪਸ ਬੀ ਐਲ ਓ ਕੋਲ ਜਮਾਂ ਕਰਵਾਉਣ । ਜ਼ਿਲ੍ਹਾ ਚੋਣ ਅਫ਼ਸਰ ਨੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਵਿੱਚ ਸਰਗਰਮ ਭੂਮਿਕਾ ਨਿਭਾਉਣ ਅਤੇ ਯੋਗ ਵੋਟਰਾਂ ਨੂੰ ਆਪਣੇ ਨਾਮ ਦਰਜ ਕਰਵਾਉਣ ਲਈ ਪ੍ਰੇਰਿਤ ਕਰਨ । ਉਨ੍ਹਾਂ ਨੇ ਸਾਰੀਆਂ ਰਾਜਨੀਤਿਕ ਪਾਰਟੀਆਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਸ਼ੁੱਧ ਵੋਟਰ ਸੂਚੀਆਂ ਮਜ਼ਬੂਤ ਲੋਕਤੰਤਰ ਦੀ ਬੁਨਿਆਦ ਹੁੰਦੀਆਂ ਹਨ। ਇਸ ਦੇ ਵਿਚ ਸਾਰਿਆਂ ਦੀ ਭਾਗੀਦਾਰੀ ਲਾਜ਼ਮੀ ਹੈ। ਇਸ ਮੌਕੇ ਤਹਿਸੀਲਦਾਰ (ਚੋਣਾਂ) ਹਰਜਿੰਦਰ ਕੌਰ , ਜਿਲ੍ਹਾ ਯੋਜਨਾ ਬੋਰਡ ਚੇਅਰਮੈਨ ਹਰਦੀਪ ਸਿੰਘ ਸਰਾਂ, ਸਿਕੰਦਰ ਸਿੰਘ ਮਲੂਕਾ, ਮਾਸਟਰ ਟਰੇਨਰ ਗੁਰਦੀਪ ਸਿੰਘ ਮਾਨ, ਰਾਕੇਸ਼ ਕੁਮਾਰ, ਬਲਦੇਵ ਸਿੰਘ, ਸੁਖਦੀਪ ਸਿੰਘ, ਸੁਨੀਲ ਕੁਮਾਰ, ਮਾਧਵ ਸ਼ਰਮਾ, ਦਲਜੀਤ ਸਿੰਘ, ਇਕਬਾਲ ਢਿੱਲੋਂ, ਸ਼ੁਸ਼ੀਲ ਕੁਮਾਰ, ਰਾਕੇਸ਼ ਸਿੰਗਲਾ, ਗੁਰਮੇਲ ਸਿੰਘ, ਸੁਖਵਿੰਦਰ ਕੌਰ, ਸਤਪਾਲ ਸਿੰਘ, ਬਿੱਲੂ ਸਿੰਘ, ਰਜਿੰਦਰ ਕੁਮਾਰ, ਸੇਵਾ ਸਿੰਘ, ਬਨਵਾਰੀ ਲਾਲ, ਮਕੰਦ ਲਾਲ ਜਿੰਦਲ ਹਾਜ਼ਿਰ ਰਹੇ।
ਜ਼ਿਲ੍ਹਾ ਚੋਣ ਅਫ਼ਸਰ ਵਲੋਂ ਵਿਸ਼ੇਸ਼ ਵੋਟਰ ਸੁਧਾਈ ਸੰਬੰਧੀ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ
ਅਜੀਤ ਡੈਸਕ
23-06-2026