ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

23-06-26

Ad Position 21
No active advertisement
ਅਜੀਤ ਡੈਸਕ 23-06-2026

 ਮਿੱਟੀ ਦੇ ਭਾਂਡੇ ਵਰਤੋ
ਅੱਜਕੱਲ ਹਰ ਸਮਾਗਮ ਤੇ ਪਲਾਸਟਿਕ ਜਾਂ ਥਰਮੋਕੋਲ ਦੇ ਭਾਂਡੇ ਵਰਤੇ ਜਾਂਦੇ ਹਨ। ਥਾਂ-ਥਾਂ ਲਗਾਏ ਜਾ ਰਹੇ ਲੰਗਰਾਂ ਵਿਚ ਪਲਾਸਟਿਕ ਦੇ ਗਲਾਸ, ਡਿਸਪੋਜ਼ੇਬਲ ਪਲੇਟਾਂ ਵਰਤੇ ਜਾਂਦੇ ਹਨ। ਜਦੋਂ ਅਸੀਂ ਇਨ੍ਹਾਂ ਪਲੇਟਾਂ ਵਿਚ ਗਰਮ ਸਬਜ਼ੀ ਪਾਉਂਦੇ ਹਾਂ ਤਾਂ ਇਹ ਖਤਰਨਾਕ ਰਸਾਇਣ ਸਬਜ਼ੀਆਂ ਦੇ ਸੰਪਰਕ ਵਿਚ ਆਉਣ ਕਾਰਨ ਸਰੀਰ ਲਈ ਬਹੁਤ ਘਾਤਕ ਸਿੱਧ ਹੋ ਜਾਂਦੇ ਹਨ। ਚਾਹ -ਕਾਫੀ ਲਈ ਅਸੀਂ ਕਈ ਵਾਰ ਪਲਾਸਟਿਕ ਗਲਾਸ ਵਰਤਦੇ ਹਾਂ। ਮਾਹਿਰ ਦੱਸਦੇ ਹਨ ਕਿ ਇਨ੍ਹਾਂ ਦੀ ਵਰਤੋਂ ਬਹੁਤ ਘੱਟ ਕਰਨੀ ਚਾਹੀਦੀ ਹੈ। ਪਲਾਸਟਿਕ 'ਚ ਮੌਜ਼ੂਦ ਰਸਾਇਣ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਪੈਦਾ ਕਰ ਦਿੰਦੇ ਹਨ ਤੇ ਸਰੀਰ ਅੰਦਰ ਗੁਰਦਿਆਂ 'ਤੇ ਵੀ ਅਸਰ ਪਾਉਂਦੇ ਹਨ। ਜੂਠੇ ਪਲਾਸਟਿਕ ਦੇ ਭਾਂਡਿਆਂ ਨੂੰ ਇੱਕ ਥਾਂ 'ਤੇ ਢੇਰ ਲਗਾ ਦਿੱਤਾ ਜਾਂਦਾ ਹੈ। ਜਿਸ ਕਾਰਨ ਅਵਾਰਾ ਪਸ਼ੂ ਇਨ੍ਹਾਂ ਨੂੰ ਖਾਂਦੇ ਹਨ ਤੇ ੳਨ੍ਹਾਂ ਲਈ ਵੀ ਬਹੁਤ ਘਾਤਕ ਸਿੱਧ ਹੁੰਦਾ ਹੈ। ਪੁਰਾਣੇ ਵੇਲਿਆਂ ਦੀ ਗੱਲ ਕਰੀਏ ਤਾਂ ਉਨ੍ਹਾਂ ਵੇਲਿਆਂ ਵਿਚ ਵੀ ਲੰਗਰ ਲਗਾਏ ਜਾਂਦੇ ਸਨ। ਪੱਤਿਆਂ ਦੀਆਂ ਪੱਤਲਾਂ ਬਣਾ ਕੇ ਉਨ੍ਹਾਂ ਵਿਚ ਖਾਣਾ ਪਰੋਸਿਆ ਜਾਂਦਾ ਸੀ। ਇਹ ਵਾਤਾਵਰਨ ਨੂੰ ਵੀ ਪ੍ਰਦੂਸ਼ਿਤ ਨਹੀਂ ਕਰਦੇ। ਪਿੱਤਲ ਦੇ ਭਾਂਡੇ ਪਹਿਲਾਂ ਘਰਾਂ ਵਿਚ ਵਰਤੇ ਜਾਂਦੇ ਸਨ। ਅੱਜ-ਕੱਲ੍ਹ ਮਿੱਟੀ ਦੇ ਭਾਂਡੇ ਸੜਕਾਂ ਦੇ ਕਿਨਾਰੇ ਆਮ ਦੇਖੇ ਜਾ ਸਕਦੇ ਹਨ। ਗਰਮੀਆਂ ਵਿਚ ਜੋ ਮਿੱਟੀ ਨਾਲ ਬਣਿਆ ਹੋਇਆ ਘੜਾ ਹੁੰਦਾ ਹੈ ਉਸ ਦਾ ਪਾਣੀ ਸਰੀਰ ਲਈ ਬਹੁਤ ਹੀ ਫਾਇਦੇਮੰਦ ਰਹਿੰਦਾ ਹੈ। ਫ੍ਰਿਜ ਵਾਲਾ ਪਾਣੀ ਸਰੀਰ ਨੂੰ ਖ਼ਰਾਬ ਕਰਦਾ ਹੈ।

-ਸੰਜੀਵ ਸਿੰਘ ਸੈਣੀ ਮੋਹਾਲੀ

ਉਚੇਰੀ ਸਿੱਖਿਆ 'ਚ ਸੁਧਾਰ

ਸਰਕਾਰ ਚੋਣ ਵਾਅਦੇ ਵਿਚ ਸਿੱਖਿਆ ਸੁਧਾਰ ਅਤੇ ਸਿਹਤ ਸੇਵਾਵਾਂ ਨੂੰ ਪਹਿਲ ਦੇ ਆਧਾਰ 'ਤੇ ਸੁਧਾਰ ਕਰਨ ਦੀ ਗੱਲ ਕਰਦੀ ਸੀ, ਪਰ ਬਹੁਤ ਸਾਰੇ ਸਕੂਲਾਂ , ਕਾਲਜਾਂ ਵਿਚ ਪ੍ਰਿੰਸੀਪਲ ਦੀਆਂ ਪੋਸਟਾਂ ਖਾਲੀ ਪਈਆਂ ਹਨ ਜਿਸ ਕਰਕੇ ਇੱਕ ਪ੍ਰਿੰਸੀਪਲ ਨੂੰ ਕਈ-ਕਈ ਸਕੂਲ, ਕਾਲਜਾਂ ਦੀ ਜ਼ਿੰਮੇਵਾਰੀ ਨਿਭਾਉਣ ਨਾਲ ਮਾਨਸਿਕ ਪੀੜਾ ਹੋਣੀ ਸੰਭਵ ਹੈ। ਕਾਲਜਾਂ ਵਿਚ ਵੱਡੀ ਗਿਣਤੀ ਵਿਚ ਖਾਲੀ ਅਸਾਮੀਆਂ ਤੇ 1,158 ਅਸਿਸਟੈਂਟ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਦੀ ਭਰਤੀ ਪਿਛਲੀ ਸਰਕਾਰ ਕਰ ਗਈ ਸੀ, ਜੋ ਅਦਾਲਤਾਂ ਵਿਚ ਉਲਝ ਗਈ। ਭਰਤੀ ਉੱਚ ਅਦਾਲਤ ਵਲੋਂ ਰੱਦ ਹੋਣ ਦੇ ਬਾਵਜੂਦ ਵੀ ਭਾਵੇਂ ਉਹ ਕਾਲਜਾਂ ਵਿਚ ਕੁਝ ਤਾਂ ਪਿਛਲੇ ਚਾਰ ਸਾਲਾਂ ਤੋਂ ਵੱਧ ਸਮੇਂ ਤੋਂ ਕੰਮ ਕਰ ਰਹੇ ਹਨ। ਸਿੱਖਿਆ ਮੰਤਰੀ ਨਾਲ ਭਰਤੀ ਨੂੰ ਬਚਾਉਣ ਲਈ ਅਸਿਸਟੈਂਟ ਪ੍ਰੋਫ਼ੈਸਰਾਂ ਦੀ ਮੀਟਿੰਗ ਵਾਰ-ਵਾਰ ਮੁਲਤਵੀ ਕਰ ਦਿੱਤੀ ਜਾਂਦੀ ਹੈ। ਸਰਕਾਰ ਦੀਆਂ ਭਰਤੀ ਵਿਚ ਛੱਡੀਆਂ ਖਾਮੀਆਂ ਦਾ ਖਮਿਆਜ਼ਾ ਚੁਣੇ ਹੋਏ ਉਮੀਦਵਾਰਾਂ ਨੂੰ ਭੁਗਤਣਾ ਪੈ ਰਿਹਾ ਹੈ। ਜਿਸ ਤਰ੍ਹਾਂ ਸਿੱਖਿਆ ਵਿਭਾਗ ਦੇ ਸੁਧਾਰ ਦੀ ਗੱਲ ਸੀ। ਉਹ ਵੀ ਅਧੂਰੀ ਰਹਿ ਗਈ ਹੈ, ਉਚੇਰੀ ਸਿੱਖਿਆ ਦੇ ਸੁਧਾਰ ਲਈ ਭਰਤੀ ਕੀਤੇ ਅਸਿਸਟੈਂਟ ਪ੍ਰੋਫ਼ੈਸਰਾਂ ਦੀ ਭਰਤੀ ਨੂੰ ਬਚਾਉਣ ਲਈ ਸਰਕਾਰ ਨੂੰ ਸੁਹਿਰਦ ਯਤਨ ਕਰਕੇ ਸਿੱਖਿਆ ਕ੍ਰਾਂਤੀ ਵੱਲ ਵਧਣਾ ਚਾਹੀਦਾ ਹੈ।

-ਮੇਜਰ ਸਿੰਘ ਨਾਭਾ

ਸੋਸ਼ਲ ਮੀਡੀਆ ਦਾ ਪ੍ਰਭਾਵ

ਅੱਜ ਦੇ ਯੁੱਗ ਵਿਚ ਸੋਸ਼ਲ ਮੀਡੀਆ ਦਾ ਪ੍ਰਭਾਵ ਸਮਾਜ ਦੇ ਹਰ ਖੇਤਰ ਵਿਚ ਸਪੱਸ਼ਟ ਤੌਰ 'ਤੇ ਵੇਖਿਆ ਜਾ ਸਕਦਾ ਹੈ। ਯੂ-ਟਿਊਬ, ਫੇਸਬੁੱਕ ਅਤੇ ਇੰਸਟਾਗ੍ਰਾਮ ਵਰਗੇ ਪਲੇਟਫਾਰਮਾਂ ਨੇ ਲੋਕਾਂ ਦੇ ਸੋਚਣ, ਜੀਣ ਅਤੇ ਆਪਸੀ ਸੰਚਾਰ ਕਰਨ ਦੇ ਢੰਗ ਨੂੰ ਕਾਫ਼ੀ ਬਦਲ ਦਿੱਤਾ ਹੈ। ਸੋਸ਼ਲ ਮੀਡੀਆ ਨੇ ਜਾਣਕਾਰੀ ਦੇ ਆਦਾਨ-ਪ੍ਰਦਾਨ ਨੂੰ ਤੇਜ਼, ਸਰਲ ਅਤੇ ਪ੍ਰਭਾਵਸ਼ਾਲੀ ਬਣਾਇਆ ਹੈ। ਅੱਜ ਲੋਕ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਬੈਠ ਕੇ ਪਲਾਂ ਵਿਚ ਇੱਕ-ਦੂਜੇ ਨਾਲ ਜੁੜ ਸਕਦੇ ਹਨ। ਸੋਸ਼ਲ ਮੀਡੀਆ ਸਿੱਖਿਆ, ਵਪਾਰ, ਮਨੋਰੰਜਨ ਅਤੇ ਜਾਗਰੂਕਤਾ ਦਾ ਇੱਕ ਮਹੱਤਵਪੂਰਨ ਸਾਧਨ ਬਣ ਚੁੱਕਾ ਹੈ। ਵਿਦਿਆਰਥੀ ਨਵੀਂ ਜਾਣਕਾਰੀ ਹਾਸਲ ਕਰ ਸਕਦੇ ਹਨ, ਵਪਾਰੀ ਆਪਣੇ ਉਤਪਾਦਾਂ ਦਾ ਪ੍ਰਚਾਰ ਕਰ ਸਕਦੇ ਹਨ ਅਤੇ ਕਲਾਕਾਰ ਆਪਣੀ ਪ੍ਰਤਿਭਾ ਨੂੰ ਵਿਸ਼ਵ ਪੱਧਰ 'ਤੇ ਪੇਸ਼ ਕਰ ਸਕਦੇ ਹਨ। ਇਸ ਰਾਹੀਂ ਲੋਕ ਆਪਣੇ ਵਿਚਾਰ, ਅਨੁਭਵ ਅਤੇ ਰਚਨਾਵਾਂ ਨੂੰ ਵੱਡੇ ਪੱਧਰ 'ਤੇ ਸਾਂਝਾ ਕਰ ਸਕਦੇ ਹਨ। ਹਾਲਾਂਕਿ, ਇਸ ਦੇ ਕੁਝ ਨਕਾਰਾਤਮਕ ਪ੍ਰਭਾਵ ਵੀ ਹਨ। ਕਈ ਵਾਰ ਝੂਠੀਆਂ ਖ਼ਬਰਾਂ ਬਹੁਤ ਤੇਜ਼ੀ ਨਾਲ ਫੈਲ ਜਾਂਦੀਆਂ ਹਨ, ਜੋ ਸਮਾਜ ਵਿਚ ਗਲਤ ਫ਼ਹਿਮੀਆਂ ਅਤੇ ਤਣਾਅ ਪੈਦਾ ਕਰ ਸਕਦੀਆਂ ਹਨ। ਇਸ ਤੋਂ ਇਲਾਵਾ, ਸੋਸ਼ਲ ਮੀਡੀਆ ਦੀ ਵਧੇਰੇ ਵਰਤੋਂ ਮਨੁੱਖੀ ਸਿਹਤ 'ਤੇ ਵੀ ਅਸਰ ਪਾਉਂਦੀ ਹੈ। ਨੀਂਦ ਦੀ ਘਾਟ, ਮਾਨਸਿਕ ਤਣਾਅ, ਚਿੰਤਾ ਅਤੇ ਇਕੱਲਪੁਣਾ ਵਰਗੀਆਂ ਸਮੱਸਿਆਵਾਂ ਇਸ ਨਾਲ ਜੁੜੀਆਂ ਹੋਈਆਂ ਹਨ।
ਇਸ ਲਈ ਸੋਸ਼ਲ ਮੀਡੀਆ ਦੀ ਵਰਤੋਂ ਸੰਜਮ ਅਤੇ ਜ਼ਿੰਮੇਵਾਰੀ ਨਾਲ ਕਰਨੀ ਚਾਹੀਦੀ ਹੈ।

- ਸਤਵਿੰਦਰ ਕੌਰ ਮੱਲੇਵਾਲ

 

ਸਿੱਖ ਸ਼ਰਧਾਲੂਆਂ ਨਾਲ ਪੁਲਿਸ ਧੱਕੇਸ਼ਾਹੀ

ਸ਼੍ਰੋਮਣੀ ਅਕਾਲੀ ਦਲ (ਪ੍ਰਚਾਰ ਸਕੱਤਰ) ਵੱਲੋਂ ਉੱਤਰਾਖੰਡ ਤੋਂ ਆ ਰਹੀਆਂ ਉਨ੍ਹਾਂ ਰਿਪੋਰਟਾਂ ਬਾਰੇ ਗਹਿਰੀ ਚਿੰਤਾ ਜ਼ਾਹਰ ਕਰਨ ਲਈ ਲਿਖ ਰਿਹਾ ਹਾਂ ਜੋ ਸ੍ਰੀ ਹੇਮਕੁੰਟ ਸਾਹਿਬ ਜਾ ਰਹੇ ਸਿੱਖ ਸ਼ਰਧਾਲੂਆਂ ਨਾਲ ਹੋ ਰਹੇ ਵਰਤਾਓ ਨਾਲ ਸਬੰਧਤ ਹਨ।
ਦਹਾਕਿਆਂ ਤੋਂ ਲੱਖਾਂ ਸਿੱਖ ਸ਼ਰਧਾਲੂ ਸ਼ਰਧਾ ਤੇ ਅਨੁਸ਼ਾਸਨ ਨਾਲ ਇਸ ਪਵਿੱਤਰ ਯਾਤਰਾ ਨੂੰ ਕਰਦੇ ਆ ਰਹੇ ਹਨ। ਸਥਾਨਕ ਆਬਾਦੀ ਤੇ ਸਿੱਖ ਸ਼ਰਧਾਲੂਆਂ ਵਿਚਕਾਰ ਸਬੰਧ ਹਮੇਸ਼ਾ ਆਪਸੀ ਸਤਿਕਾਰ ਵਾਲੇ ਰਹੇ ਹਨ। ਇਸ ਲਈ ਇਹ ਬਹੁਤ ਦੁਖਦਾਈ ਹੈ ਕਿ ਰਿਪੋਰਟਾਂ ਤੇ ਵੀਡੀਓ ਫੁਟੇਜ ਤੋਂ ਪਤਾ ਲੱਗ ਰਿਹਾ ਹੈ ਕਿ ਕਰਨਪ੍ਰਯਾਗ ਇਲਾਕੇ ਵਿੱਚ ਹਾਲੀਆ ਘਟਨਾਵਾਂ ਤੋਂ ਬਾਅਦ ਸਿੱਖ ਸ਼ਰਧਾਲੂਆਂ ਨੂੰ ਪੁਲਿਸ ਦੀਆਂ ਵਧੀਕੀਆਂ, ਬੇਇੱਜ਼ਤੀ ਤੇ ਵਿਤਕਰੇ ਵਾਲੇ ਵਰਤਾਓ ਦਾ ਸਾਹਮਣਾ ਕਰਨਾ ਪਿਆ ਹੈ।
ਖ਼ਾਸ ਤੌਰ 'ਤੇ ਚਿੰਤਾਜਨਕ ਦੋਸ਼ ਹਨ ਕਿ ਸਿੱਖ ਨੌਜਵਾਨਾਂ ਤੇ ਬਿਨਾਂ ਨਿਰਪੱਖ ਜਾਂਚ ਦੇ ਗੰਭੀਰ ਦੋਸ਼ ਲਗਾਏ ਗਏ, ਹਿਰਾਸਤ ਵਿੱਚ ਦੁਰਵਿਵਹਾਰ ਕੀਤਾ ਗਿਆ ਅਤੇ ਜਨਤਕ ਤੌਰ ਤੇ ਇਸ ਤਰ੍ਹਾਂ ਬੇਇੱਜ਼ਤ ਕੀਤਾ ਗਿਆ ਜਿਸ ਨਾਲ ਸਿੱਖ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ। ਸਿੱਖ ਕਕਾਰਾਂ ਨਾਲ ਹੋਏ ਵਰਤਾਓ ਦੀਆਂ ਰਿਪੋਰਟਾਂ ਨੇ ਭਾਰਤ ਤੇ ਦੁਨੀਆ ਭਰ ਦੇ ਸਿੱਖਾਂ ਵਿੱਚ ਦੁੱਖ ਪੈਦਾ ਕੀਤਾ ਹੈ। ਅਜਿਹੇ ਦੋਸ਼ਾਂ ਦੀ ਤੁਰੰਤ ਤੇ ਸੁਤੰਤਰ ਜਾਂਚ ਹੋਣੀ ਚਾਹੀਦੀ ਹੈ। ਕਿਰਪਾਨ ਸਿੱਖਾਂ ਲਈ ਭਾਰਤ ਦੇ ਸੰਵਿਧਾਨ ਅਨੁਸਾਰ ਸੁਰੱਖਿਅਤ ਧਾਰਮਿਕ ਚਿੰਨ੍ਹ ਹੈ। ਕੋਈ ਵੀ ਅਜਿਹੀ ਕਾਰਵਾਈ ਜੋ ਇਸ ਸੱਚਾਈ ਨੂੰ ਨਜ਼ਰਅੰਦਾਜ਼ ਕਰਦੀ ਹੈ, ਨਾ ਸਿਰਫ਼ ਵਿਅਕਤੀਗਤ ਸ਼ਰਧਾਲੂਆਂ ਨੂੰ ਠੇਸ ਪਹੁੰਚਾਉਂਦੀ ਹੈ ਸਗੋਂ ਸਮਾਜ ਵਿੱਚ ਬੇਲੋੜਾ ਤਣਾਅ ਵੀ ਪੈਦਾ ਕਰਦੀ ਹੈ।
ਅਸੀਂ ਆਦਰ ਸਹਿਤ ਉੱਤਰਾਖੰਡ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ: ਘਟਨਾ ਵਿੱਚ ਸ਼ਾਮਿਲ ਪੁਲਿਸ ਕਰਮਚਾਰੀਆਂ ਦੇ ਵਰਤਾਓ ਦੀ ਉੱਚ-ਪੱਧਰੀ ਤੇ ਨਿਰਪੱਖ ਜਾਂਚ ਦੇ ਹੁਕਮ ਦਿੱਤੇ ਜਾਣ। ਯਕੀਨੀ ਬਣਾਇਆ ਜਾਵੇ ਕਿ ਕਿਸੇ ਵੀ ਸਿੱਖ ਸ਼ਰਧਾਲੂ ਨੂੰ ਉਸਦੀ ਧਾਰਮਿਕ ਪਛਾਣ ਕਰਕੇ ਪ੍ਰੇਸ਼ਾਨੀ, ਬੇਇੱਜ਼ਤੀ ਜਾਂ ਵਿਤਕਰੇ ਵਾਲੇ ਵਰਤਾਓ ਦਾ ਸਾਹਮਣਾ ਨਾ ਕਰਨਾ ਪਵੇ। ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਸਿੱਖ ਕਕਾਰਾਂ ਦੀ ਧਾਰਮਿਕ ਮਹੱਤਤਾ ਬਾਰੇ ਢੁੱਕਵੇਂ ਨਿਰਦੇਸ਼ ਜਾਰੀ ਕੀਤੇ ਜਾਣ। ਹੇਮਕੁੰਟ ਸਾਹਿਬ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਲਈ ਸਮਰਪਿਤ ਸ਼ਿਕਾਇਤ ਨਿਵਾਰਨ ਤੰਤਰ ਸਥਾਪਿਤ ਕੀਤਾ ਜਾਵੇ। ਸ਼ਰਧਾਲੂਆਂ ਦੀ ਸੁਰੱਖਿਆ, ਮਾਣ-ਸਨਮਾਨ ਤੇ ਸੁਚਾਰੂ ਆਵਾਜਾਈ ਯਕੀਨੀ ਬਣਾਉਣ ਲਈ ਸਿੱਖ ਪ੍ਰਤੀਨਿਧ ਸੰਸਥਾਵਾਂ ਤੇ ਸ੍ਰੀ ਹੇਮਕੁੰਟ ਸਾਹਿਬ ਦੇ ਪ੍ਰਬੰਧਕਾਂ ਨਾਲ ਤਾਲਮੇਲ ਕੀਤਾ ਜਾਵੇ।

-ਜਥੇਦਾਰ ਸੁਖਜੀਤ ਸਿੰਘ ਬਘੌਰਾ

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਚੋਣ ਅਫ਼ਸਰ ਵਲੋਂ ਵਿਸ਼ੇਸ਼ ਵੋਟਰ ਸੁਧਾਈ ਸੰਬੰਧੀ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਅਗਲੀ ਖ਼ਬਰ ਬਾਲਿਆਂਵਾਲੀ ਵਿਖੇ ਪੁਲਿਸ ਤੇ ਸਰਕਾਰ ਵਿਰੁੱਧ ਲਗਾਇਆ ਧਰਨਾ ਦੂਜੇ ਦਿਨ ਵੀ ਜਾਰੀ
Ad Position 24
No active advertisement