ਤਲਵੰਡੀ ਸਾਬੋ, 4 ਜੁਲਾਈ (ਰਣਜੀਤ ਸਿੰਘ ਰਾਜੂ)- ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਭਾਜਪਾ ਦੇ ਸੀਨੀਅਰ ਆਗੂ ਗੋਪਾਲ ਕ੍ਰਿਸ਼ਨ ਬਾਂਸਲ ਨੇ ਅੱਜ ਚੰਡੀਗੜ੍ਹ ਵਿਖੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸਿੰਘ ਸੈਣੀ ਨਾਲ ਮੁਲਾਕਾਤ ਕਰਦਿਆਂ ਜਿੱਥੇ ਹਲਕੇ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਉੱਥੇ ਉਨਾਂ ਨੇ ਮੁੱਖ ਮੰਤਰੀ ਸੈਣੀ ਨੂੰ ਦਮਦਮਾ ਸਾਹਿਬ ਆਉਣ ਦਾ ਸੱਦਾ ਵੀ ਦਿੱਤਾ।ਪ੍ਰੈੱਸ ਨੂੰ ਜਾਰੀ ਬਿਆਨ ਚ ਭਾਜਪਾ ਆਗੂ ਗੋਪਾਲ ਕ੍ਰਿਸ਼ਨ ਬਾਂਸਲ ਨੇ ਕਿਹਾ ਕਿ ਬੜੇ ਸੁਹਿਰਦ ਮਾਹੌਲ ਚ ਹੋਈ ਮੁਲਾਕਾਤ ਦੌਰਾਨ ਉਨਾਂ ਨੇ ਮੁੱਖ ਮੰਤਰੀ ਹਰਿਆਣਾ ਦੇ ਸਨਮੁੱਖ ਕਈ ਮਸਲੇ ਰੱਖੇ ਜਿਨ੍ਹਾਂ ‘ਤੇ ਵੀਚਾਰ ਸਬੰਧੀ ਉਨ੍ਹਾਂ ਯਕੀਨ ਦਵਾਇਆ। ਉਨ੍ਹਾਂ ਮੁਤਾਬਿਕ ਮੁੱਖ ਮੰਤਰੀ ਸੈਣੀ ਨੇ ਵੀਚਾਰ ਚਰਚਾ ਦੌਰਾਨ ਕਿਹਾ ਕਿ ਪੰਜਾਬ ਦੇ ਲਗਾਤਾਰ ਖ਼ਰਾਬ ਹੋ ਰਹੇ ਹਾਲਾਤਾਂ ਤੇ ਸਿਰਫ਼ ਭਾਜਪਾ ਦੀ ਸਰਕਾਰ ਆਉਣ ‘ਤੇ ਹੀ ਕਾਬੂ ਪਾਇਆ ਜਾ ਸਕਦਾ ਹੈ ਇਸ ਲਈ ਤਕੜੇ ਹੋ ਕੇ ਕੰਮ ਕਰੋ ਤਾਂ ਜੋ 2027 ਵਿੱਚ ਪੰਜਾਬ ਅੰਦਰ ਭਾਜਪਾ ਦੀ ਸਰਕਾਰ ਬਣਾਈ ਜਾ ਸਕੇ। ਗੋਪਾਲ ਕ੍ਰਿਸ਼ਨ ਮੁਤਾਬਿਕ ਪਾਰਟੀ ਦੀ ਮਜ਼ਬੂਤੀ ਸਬੰਧੀ ਚਰਚਾ ਦੇ ਨਾਲ ਨਾਲ ਉਨ੍ਹਾਂ ਨੇ ਮੁੱਖ ਮੰਤਰੀ ਸੈਣੀ ਨੂੰ ਸਿੱਖਾਂ ਦੇ ਚੌਥੇ ਤਖਤ, ਤਖਤ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚ ਕੇ ਤਖਤ ਸਾਹਿਬ ਨਤਮਸਤਕ ਹੋਣ ਦਾ ਸੱਦਾ ਵੀ ਦਿੱਤਾ ਜਿਸਨੂੰ ਸਵੀਕਾਰ ਕਰਦਿਆਂ ਉਨ੍ਹਾਂ ਭਰੋਸਾ ਦਿੱਤਾ ਕਿ ਉਹ ਛੇਤੀ ਦਮਦਮਾ ਸਾਹਿਬ ਆਉਣਗੇ।