ਬਠਿੰਡਾ, 4 ਜੁਲਾਈ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਸ਼੍ਰੋਮਣੀ ਅਕਾਲੀ ਦਲ ਦੀ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਸਰਕਾਰ ਦੀ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ‘ਤੇ ਸਵਾਲ ਖੜ੍ਹੇ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਇਕ ਵਾਰ ਫੇਰ ਔਰਤਾਂ ਨਾਲ ਧੋਖਾ ਕੀਤਾ, ਕਿਉਂਕਿ ਉਕਤ ਯੋਜਨਾ ਤਹਿਤ ਮਿਲਣ ਵਾਲੀ ਰਾਸ਼ੀ ਸੂਬੇ ਦੀਆਂ 70 ਫ਼ੀਸਦੀ ਔਰਤਾਂ ਦੇ ਬੈਂਕ ਖਾਤਿਆਂ ਵਿਚ ਨਹੀਂ ਆਈ। ਮੁੱਖ ਮੰਤਰੀ ਸਿਰਫ਼ ਆਪਣੀ ਪਾਰਟੀ ਦੀਆਂ ਅਹੁਦੇਦਾਰ ਬੀਬੀਆਂ ਦੇ ਖਾਤਿਆਂ ‘ਚ ਪੈਸੇ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਵਲੋਂ ‘ਗੁਰੂ ਦੋਖੀ-ਪੰਥ ਵਿਰੋਧੀ’ ਕਰਾਰ ਦਿੱਤੇ ਭਗਵੰਤ ਮਾਨ ਤੇ ਉਸ ਦੇ ਪੈਸੇ ਨੂੰ ਬੀਬੀਆਂ ਮੂੰਹ ਨਾ ਲਗਾਉਣ, ਜੇਕਰ ਉਹ ਇਹ ਰਾਸ਼ੀ ਲੈਣਾ ਚਾਹੁੰਦੀਆਂ ਤਾਂ ਪੰਜ ਸਾਲਾਂ ਦੇ ਪੂਰੇ 60 ਹਜ਼ਾਰ ਰੁਪਏ ਦੀ ਮੰਗ ਕੀਤੀ ਜਾਵੇ ਤੇ ਇਹ ਪੈਸਾ ਨਾ ਮਿਲਣ ‘ਤੇ ਆਪਣੇ ਨਾਲ ਹੋਏ ਧੋਖੇ ਨਾ ਅਗਲੀਆਂ ਚੋਣਾਂ ‘ਚ ਵੋਟਾਂ ਰਾਹੀਂ ‘ਆਪ’ ਤੋਂ ਬਦਲਾ ਲਿਆ ਜਾਵੇ।ਹਰਸਿਮਰਤ ਕੌਰ ਬਾਦਲ ਬਠਿੰਡਾ ਦੇ ਪਿੰਡ ਕਰਮਗੜ੍ਹ ਸਤਰਾਂ ਤੋਂ ਚੁੱਘੇ ਕਲਾਂ ਨੂੰ ਜਾਣ ਵਾਲੀ ਪੌਣੇ ਛੇ ਕਿੱਲੋਮੀਟਰ ਸੜਕ ਨੂੰ ਚੌੜੀ ਕਰਨ ਨੀਂਹ ਪੱਥਰ ਰੱਖਣ ਆਏ ਸਨ, ਜੋ ਕੇਂਦਰੀ ਗ੍ਰਾਮੀਣ ਸੜਕ ਯੋਜਨਾ ਤਹਿਤ ਉਨ੍ਹਾਂ ਦੇ ਸੰਸਦੀ ਕੋਟੇ ‘ਚੋਂ 5 ਕਰੋੜ ਦੀ ਲਾਗਤ ਨਾਲ 10 ਤੋਂ ਵਧਾ ਕੇ 18 ਫੁੱਟ ਚੌੜੀ ਬਣਾਈ ਜਾਣੀ ਹੈ।ਉਨ੍ਹਾਂ ਪੰਜਾਬ ਸਰਕਾਰ ਵਲੋਂ ਬੇਅਦਬੀ ਸਬੰਧੀ ਬਣਾਏ ਕਾਨੂੰਨ ‘ਤੇ ਆਪ ਵਿਧਾਇਕਾਂ ਵਲੋਂ ਬਿਨ੍ਹਾਂ ਪੜੇ ਦਸਤਖ਼ਤ ਕਰਨ ‘ਤੇ ਕਿਹਾ ਕਿ ਇਸ ਨਾਲ ਸਮੁੱਚਾ ਪੰਜਾਬ ਹੋਇਆ, ਕਿ ਜਿਨ੍ਹਾਂ ਦੇ ਹੱਥ ਉਨ੍ਹਾਂ ਨੇ ਪੰਜਾਬ ਦੀ ਕਮਾਨ ਦਿੱਤੀ ਹੈ, ਉਹ ਗੂੰਗੇ-ਬੋਲੇ ਬਣੇ ਹੋਏ ਹਨ। ਪੰਜਾਬ ਕਾਂਗਰਸ ‘ਚ ਪ੍ਰਧਾਨਗੀ ਲਈ ਪੈਦਾ ਹੋਏ ਕਾਟੋ-ਕਲੇਸ਼ ‘ਤੇ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਨ੍ਹਾਂ ਦੀ ਦੌੜ ਸਿਰਫ਼ ਮੁੱਖ ਮੰਤਰੀ ਬਣਨ ਤੱਕ ਹੈ, ਇਨ੍ਹਾਂ ਨੂੰ ਪੰਜਾਬ ਨਾਲ ਕੋਈ ਸਰੋਕਾਰ ਨਹੀਂ।