ਬਠਿੰਡਾ, 4 ਜੁਲਾਈ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਮਾਈਕੋਰੋ ਫਾਈਨਾਂਸ ਇੰਡਸਟਰੀ ਵਰਕ ਵਲੋਂ ਇੱਥੇ ਮਾਈਕ੍ਰੋ ਫਾਈਨਾਂਸ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਲੋਕਾਂ ਨੂੰ ਵਿੱਤੀ ਸਾਖਰਤਾ, ਬੱਚਤ, ਨਿਵੇਸ਼, ਕਰਜ਼ਾ ਪ੍ਰਬੰਧਨ, ਬਜਟ ਬਣਾਉਣ, ਬੀਮਾ ਯੋਜਨਾਵਾਂ ਅਤੇ ਵਿੱਤੀ ਧੋਖਾਧੜੀ ਤੋਂ ਬਚਾਅ ਬਾਰੇ ਜਾਣਕਾਰੀ ਦਿੱਤੀ ਗਈ। ਪ੍ਰੋਗਰਾਮ ਦਾ ਉਦਘਾਟਨ ਕਰਦਿਆਂ ਐਮਐਫਆਈਐਨ ਦੇ ਰੀਜਨਲ ਹੈੱਡ ਵਿਜੈ ਵਾਧਵਾ ਨੇ ਕਿਹਾ ਕਿ ਵਿੱਤੀ ਸਾਖਰਤਾ ਹਰ ਵਿਅਕਤੀ ਲਈ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਲੋਕ ਆਪਣੀ ਲੋੜ ਅਨੁਸਾਰ ਹੀ ਕਰਜ਼ਾ ਲੈਣ, ਸਮੇਂ ਸਿਰ ਕਿਸ਼ਤਾਂ ਦੀ ਅਦਾਇਗੀ ਕਰਨ ਅਤੇ ਗੁੰਮਰਾਹ ਕਰਨ ਵਾਲੇ ਪ੍ਰਚਾਰ ਤੋਂ ਦੂਰ ਰਹਿਣ। ਉਨ੍ਹਾਂ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਵਿਚ 34 ਮਾਈਕ੍ਰੋ ਫਾਈਨਾਂਸ ਕੰਪਨੀਆਂ ਕੰਮ ਕਰ ਰਹੀਆਂ ਹਨ ਅਤੇ ਇਹ ਸਾਰੀਆਂ ਭਾਰਤੀ ਰਿਜ਼ਰਵ ਬੈਂਕ ਦੇ ਨਿਯਮਾਂ ਅਧੀਨ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਗਾਹਕ ਨੂੰ ਕੋਈ ਸ਼ਿਕਾਇਤ ਹੋਵੇ ਤਾਂ ਉਹ ਆਪਣੇ ਲੋਨ ਕਾਰਡ ’ਤੇ ਦਰਜ ਸ਼ਿਕਾਇਤ ਨਿਵਾਰਨ ਨੰਬਰ ਜਾਂ ਐਮਐਫਆਈਐਨ ਦੇ ਟੋਲ-ਫ੍ਰੀ ਨੰਬਰ ’ਤੇ ਸੰਪਰਕ ਕਰਕੇ ਆਪਣੀ ਸਮੱਸਿਆ ਦਾ ਹੱਲ ਕਰਵਾ ਸਕਦਾ ਹੈ। ਕੁਲਭੂਸ਼ਣ ਬੰਸਲ, ਵਿਸ਼ਵਜੀਤ ਥੋਲੀਆ, ਜਸਕਰਨਜੀਤ ਸਿੰਘ, ਮਨਦੀਪ ਗਿੱਲ, ਸਪਨਾ ਬੰਸਲ ਅਤੇ ਸੁਚੇਤਾ ਕੁਮਾਰੀ ਨੇ ਵਿੱਤੀ ਸਾਖਰਤਾ ਦੀ ਮਹੱਤਤਾ ਉਜਾਗਰ ਕਰਦਿਆਂ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਲੋੜ ਮੁਤਾਬਿਕ ਹੀ ਕਰਜ਼ਾ ਲੈਣ ਅਤੇ ਸਮੇਂ ਸਿਰ ਉਸ ਦੀ ਅਦਾਇਗੀ ਕਰਨ।ਇਸ ਮੌਕੇ ਸਵਤੰਤਰਾ ਮਾਇਕ੍ਰੋ ਦੇ ਸੂਬਾ ਮੁਖੀ ਵਿਨੋਦ ਯਾਦਵ, ਰੀਜਨਲ ਮੈਨੇਜਰ ਮੀਤਾ ਖਾਨ, ਟ੍ਰੇਨਿੰਗ ਮੈਨੇਜਰ ਅਤੇ ਸੀਐਸਆਰ ਟੀਮ ਦੇ ਮੈਂਬਰ ਮੌਜੂਦ ਸਨ। ਇਹ ਜਾਗਰੂਕਤਾ ਪ੍ਰੋਗਰਾਮ ਐਮਐਫਆਈਐਨ ਵਲੋਂ ਸਵਤੰਤਰਾ ਮਾਈਕ੍ਰੋਫਿਨ ਲਿਮਿਟੇਡ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ।