ਬਠਿੰਡਾ, 4 ਜੁਲਾਈ (ਪ੍ਰੀਤਪਾਲ ਸਿੰਘ ਰੋਮਾਣਾ)- ਥਾਣਾ ਕੈਨਾਲ ਕਾਲੋਨੀ ਪੁਲਿਸ ਵਲੋਂ ਇਕ ਫਲੈਟ ਦੇ ਬੈੱਡ-ਰੂਮ ਵਿਚ ਲੁਕਾ ਕੇ ਮਾਈਕ੍ਰੋ ਕੈਮਰਾ ਲਗਾਉਣ ਦੇ ਮਾਮਲੇ ‘ਚ ਅਣਪਛਾਤੇ ਵਿਅਕਤੀ ਖਿਲਾਫ਼ ਮੁਕੱਦਮਾ ਦਰਜ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੂੰ ਬਿਆਨ ਦਰਜ ਕਰਵਾਉਂਦੇ ਹੋਏ ਡੀ.ਡੀ. ਮਿੱਤਲ ਟਾਵਰ, ਬਠਿੰਡਾ ਵਾਸੀ ਮਨਜੀਤ ਕੌਰ ਨੇ ਦੱਸਿਆ ਕਿ ਉਸ ਨੇ ਬੀਤੀ 11 ਜੂਨ ਨੂੰ ਆਪਣੇ ਫਲੈਟ ਵਿਚ ਏਅਰ ਕੰਡੀਸ਼ਨਰ (ਏਸੀ) ਦੀ ਮੁਰੰਮਤ ਕਰਵਾਉਣ ਲਈ ਮਿਸਤਰੀ ਨੂੰ ਬੁਲਾਇਆ ਸੀ, ਜਦੋਂ ਮਿਸਤਰੀ ਨੇ ਬੈੱਡ ਰੂਮ ਦੇ ਹੋਲਡਰ ਨੂੰ ਖੋਲ੍ਹਿਆ ਤਾਂ ਉਸ ਵਿਚੋਂ ਇਕ ਮਾਇਕ੍ਰੋ ਕੈਮਰਾ ਮਿਲਿਆ ਹੈ, ਜਿਸ ਵਿਚ ਚਿੱਪ ਵੀ ਲੱਗੀ ਹੋਈ ਮਿਲੀ ਹੈ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਦੀ ਨਿੱਜਤਾ ਭੰਗ ਕਰਨ ਲਈ ਗੁਪਤ ਮਾਈਕ੍ਰੋ ਕੈਮਰਾ ਲਗਾਇਆ ਗਿਆ ਹੈ। ਥਾਣਾ ਕੈਨਾਲ ਕਾਲੋਨੀ ਦੇ ਸਹਾਇਕ ਥਾਣੇਦਾਰ ਅਮਰੀਕ ਸਿੰਘ ਨੇ ਕਿਹਾ ਕਿ ਉਨ੍ਹਾਂ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਕਿ ਇਹ ਕੈਮਰਾ ਕਿਸ ਵਿਅਕਤੀ ਨੇ ਕਿਸ ਮਕਸਦ ਨਾਲ ਲਗਾਇਆ ਗਿਆ ਹੈ।