ਬਠਿੰਡਾ, 4 ਜੁਲਾਈ (ਪੱਤਰ ਪ੍ਰੇਰਕ)- ਇਕ ਕੋਸ਼ਿਸ਼ ਵੈੱਲਫੇਅਰ ਸੁਸਾਇਟੀ ਸੰਸਥਾ ਵਲੋਂ ਚਲਾਏ ਜਾ ਇਕ ਆਸ਼ਰਮ ਵਿਚ ਸੀ.ਸੀ.ਟੀ.ਵੀ. ਕੈਮਰੇ ਲਗਾ ਕੇ ਲੋਕਾਂ ਦੀ ਨਿੱਜਤਾ ਕੈਦ ਕਰਨ ਦੇ ਮਾਮਲੇ ‘ਚ ਪੁਲਿਸ ਨੇ ਤਿੰਨ ਲੋਕਾਂ ਖਿਲਾਫ ਮੁਕੱਦਮਾ ਦਰਜ ਕਰਦੇ ਹੋਏ ਇਕ ਕਥਿਤ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਅਨੁਸਾਰ ਉਨ੍ਹਾਂ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਕਿ ਇਸ ਮਾਮਲੇ ‘ਚ ਹੋਰ ਕਿੰਨੇ ਲੋਕ ਸ਼ਾਮਿਲ ਹਨ। ਇਸ ਮਾਮਲੇ ਸਬੰਧੀ ਥਾਣਾ ਕੈਂਟ ਦੇ ਮੁੱਖ ਅਫ਼ਸਰ ਰਘੁਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਸਿਮਰਜੀਤ ਕੌਰ ਨੇ ਬਿਆਨ ਦਰਜ ਕਰਵਾਏ ਕਿ ਇਕ ਕੋਸ਼ਿਸ਼ ਵੈੱਲਫੇਅਰ ਸੁਸਾਇਟੀ ਵਲੋਂ ਇਕ ਬਠਿੰਡਾ ‘ਚ ਆਸ਼ਰਮ ਚਲਾਇਆ ਜਾ ਰਿਹਾ ਹੈ। ਅਵਤਾਰ ਸਿੰਘ ਨਾਮ ਦਾ ਨੌਜਵਾਨ ਜੋ ਕਿ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦਾ ਕੰਮ ਕਰਦਾ ਹੈ। ਉਸ ਵਲੋਂ ਆਸਰਮ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਦਾ ਪਾਸਵਰਡ ਗੁਰਮੀਤ ਸਿੰਘ ਪਾਰਸ ਨਾਮ ਦੇ ਨੌਜਵਾਨ ਨੂੰ ਮੁਹੱਈਆ ਕਰਵਾਇਆ ਗਿਆ ਸੀ। ਜਿਨ੍ਹਾਂ ਨੇ ਆਸਰਮ ‘ਚ ਲੋਕਾਂ ਦੀ ਨਿੱਜਤਾ ਨੂੰ ਕੈਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੀੜ੍ਹਤ ਦੇ ਬਿਆਨਾਂ ਦੇ ਅਧਾਰ ‘ਤੇ ਉਨ੍ਹਾਂ ਵਲੋਂ ਤਿੰਨ ਕਥਿਤ ਦੋਸ਼ੀ ਅਵਤਾਰ ਸਿੰਘ, ਗੁਰਮੀਤ ਸਿੰਘ ਪਾਰਸ ਅਤੇ ਸੱਤਪਾਲ ਸਿੰਘ ਦੇ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ, ਜਿਨ੍ਹਾਂ ਵਿਚੋਂ ਮੁਲਜ਼ਮ ਅਵਤਾਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਦ ਕਿ ਦੋਵਾਂ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।