ਮਾਨਸਾ, 4 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)- ਆਮ ਆਦਮੀ ਪਾਰਟੀ ਦੀ ਹਮਾਇਤ ਪ੍ਰਾਪਤ ਵਾਰਡ ਨੰਬਰ 10 ਦੇ ਕੌਂਸਲਰ ਭੂਸ਼ਨ ਕੁਮਾਰ ਮੱਤੀ ਸਖ਼ਤ ਮੁਕਾਬਲੇ ‘ਚ ਟਾਸ ਜਿੱਤ ਕੇ ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਬਣ ਗਏ ਹਨ। ਉਹ ਆਜ਼ਾਦ ਉਮੀਦਵਾਰ ਵਜੋਂ ਜਿੱਤੇ ਸਨ। ਕਾਬਲੇ ਗ਼ੌਰ ਰਹੇ ਇਸ ਵਾਰ ਨਗਰ ਕੌਂਸਲ ਦੇ 27 ਵਾਰਡਾਂ ‘ਚੋਂ 8 ‘ਆਪ’, 6 ਭਾਜਪਾ, 5 ਸ਼੍ਰੋਮਣੀ ਅਕਾਲੀ ਦਲ (ਬ), 5 ਆਜ਼ਾਦ ਅਤੇ 3 ਉਮੀਦਵਾਰ ਕਾਂਗਰਸ ਪਾਰਟੀ ਦੇ ਜੇਤੂ ਰਹੇ ਸਨ। ਚੋਣ ਨਤੀਜਿਆਂ ਉਪਰੰਤ ਹੀ ਪ੍ਰਧਾਨਗੀ ਪਦ ਨੂੰ ਲੈ ਕੇ ਪੂਰੀ ਕਸਮ-ਕਸ ਚੱਲ ਰਹੀ ਸੀ। ਵਿਰੋਧੀ ਧਿਰਾਂ ਵਲੋਂ ਸਾਂਝਾ ਮੋਰਚਾ ਕਾਇਮ ਕਰ ਲਿਆ ਗਿਆ। ਉਨ੍ਹਾਂ ਵਾਰਡ ਨੰਬਰ 18 ਤੋਂ ਆਜ਼ਾਦ ਤੌਰ ‘ਤੇ ਜੇਤੂ ਅਰਪਿਤ ਚੌਧਰੀ ਨੂੰ ਉਮੀਦਵਾਰ ਬਣਾ ਲਿਆ। ਕੁਝ ਦਿਨ ਪਹਿਲਾਂ ਚੋਣ ਕਨਵੀਨਰ ਦੀ ਸਿਹਤਯਾਬੀ ਨਾ ਹੋਣ ਕਰ ਕੇ ਚੋਣ ਮੁਲਤਵੀ ਕਰ ਦਿੱਤੀ ਗਈ ਸੀ। ਦੱਸਣਯੋਗ ਹੈ ਕਿ ਹਲਕਾ ਵਿਧਾਇਕ ਡਾ. ਵਿਜੇ ਸਿੰਗਲਾ ਸਮੇਤ ਕੌਂਸਲ ਦੀਆਂ ਕੁੱਲ 28 ਵੋਟਾਂ ਸਨ। ਮੱਤੀ ਵੀ ਆਜ਼ਾਦ ਉਮੀਦਵਾਰ ਵਜੋਂ ਜੇਤੂ ਰਹੇ ਸਨ ਪਰ ਉਨ੍ਹਾਂ ਨੂੰ ਹਲਕਾ ਵਿਧਾਇਕ ਦਾ ਥਾਪੜਾ ਮਿਲ ਗਿਆ। ਅੱਜ ਚੋਣ ਤੋਂ ਪਹਿਲਾਂ ਦੋਵੇਂ ਧਿਰਾਂ ਨੇ ਪੂਰਾ ਸ਼ਕਤੀ ਪ੍ਰਦਰਸ਼ਨ ਕੀਤਾ। ਦੋਵਾਂ ਕੋਲ 14-14 ਕੌਂਸਲਰ ਸਨ। ਇਸੇ ਕਰ ਕੇ ਪ੍ਰਧਾਨਗੀ ਪਦ ਲਈ ਚੋਣ ਟਾਸ ‘ਤੇ ਕਰਵਾਉਣੀ ਪਈ। ਟਾਸ ‘ਚ ਭੂਸ਼ਨ ਕੁਮਾਰ ਮੱਤੀ ਦੀ ਕਿਸਮਤ ਜਾਗ ਪਈ। ਮੀਤ ਪ੍ਰਧਾਨ ਵਾਰਡ ਨੰਬਰ 26 ਦੇ ‘ਆਪ’ ਕੌਂਸਲਰ ਕ੍ਰਿਸ਼ਨ ਕੁਮਾਰ ਚਣੇ ਗਏ ਜਦਕਿ ਵਾਰਡ ਨੰਬਰ 12 ਤੋਂ ਭਾਜਪਾ ਦੇ ਕੌਂਸਲਰ ਪ੍ਰੇਮ ਸਾਗਰ ਭੋਲਾ ਵੱਧ ਵੋਟਾਂ ਲੈ ਕੇ ਸੀਨੀਅਰ ਮੀਤ ਪ੍ਰਧਾਨ ਬਣ ਗਏ। ਵਿਧਾਇਕ ਡਾ. ਸਿੰਗਲਾ ਨੇ ਸਾਰੇ ਕੌਂਸਲਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸ਼ਹਿਰ ਦੇ ਵਿਕਾਸ ‘ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਅਧੂਰੇ ਪਏ ਕੰਮ ਜਲਦ ਪੂਰੇ ਕਰ ਦਿੱਤੇ ਜਾਣਗੇ।