ਬਠਿੰਡਾ, 10 ਜੁਲਾਈ (ਸੱਤਪਾਲ ਸਿੰਘ ਸਿਵੀਆਂ)-ਪੰਜਾਬ ਭਰ ਦੇ ਅੰਗਹੀਣ ਵਿਅਕਤੀਆਂ ਦੀਆਂ ਭੱਖਦੀਆਂ ਮੰਗਾਂ ਨੂੰ ਲੈ ਕੇ ‘ਸੰਯੁਕਤ ਦਿਵਿਆਂਗ ਮੋਰਚਾ ਪੰਜਾਬ’ ਸੜਕ ’ਤੇ ਉੱਤਰਿਆ ਹੈ, ਜਿਸ ਵਲੋਂ ਪਹਿਲਾਂ ਸਥਾਨਕ ਮਿੰਨੀ ਸਕੱਤਰੇਤ ਸਾਹਮਣੇ ਧਰਨਾ ਲਗਾਕੇ ਰੋਸ ਪ੍ਰਗਟ ਕੀਤਾ ਗਿਆ ਪਰ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਕੋਈ ਸੁਣਵਾਈ ਨਾ ਕੀਤੇ ਜਾਣ ਤੋਂ ਭੜਕੇ ਅੰਗਹੀਣਾਂ ਵਲੋਂ ਧਰਨੇ ਵਾਲੀ ਜਗ੍ਹਾ ਦੇ ਨੇੜਲੀ ਮੁੱਖ ਸੜਕ ’ਤੇ ਧਰਨਾ ਲਗਾ ਕੇ ਆਵਾਜਾਈ ਠੱਪ ਕੀਤੀ ਗਈ। ਰੋਸ ਪ੍ਰਦਰਸ਼ਨ ਦੀ ਅਗਵਾਈ ਕਰਦਿਆਂ ਸੰਯੁਕਤ ਦਿਵਿਆਂਗ ਮੋਰਚਾ ਪੰਜਾਬ ਦੇ ਸੂਬਾ ਸਕੱਤਰ ਰਣਧੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਦੀ ਪੈਨਸ਼ਨ 5000 ਰੁਪਏ ਕਰਨ, ਉਨ੍ਹਾਂ ਦਾ ਸਾਲ 2022 ਦਾ ਬੈੱਕਲਾਗ ਪੂਰਾ ਕਰਨ, ਰੁਜ਼ਗਾਰ ਚਲਾਉਣ ਲਈ ਬਿਨ੍ਹਾਂ ਸ਼ਰਤ ਕਰਜ਼ਾ ਮੁਹੱਈਆ ਕਰਵਾਉਣ ਅਤੇ ਅੰਗਹੀਣਾਂ ਨਾਲ ਸਬੰਧਿਤ ਕਾਨੂੰਨ ਲਾਗੂ ਕਰਨ ਦਾ ਵਾਅਦਾ ਕੀਤਾ ਸੀ, ਜੋ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ। ਉਹ ਸੂਬਾ ਸਰਕਾਰ ਨੂੰ ਵਾਅਦਾ ਯਾਦ ਕਰਵਾਉਣ ਲਈ ਅੱਜ ਬਠਿੰਡਾ ’ਚ ਸੰਕੇਤਕ ਰੋਸ ਧਰਨਾ ਲਗਾਉਣ ਪੁੱਜੇ ਸਨ ਤੇ ਡਿਪਟੀ ਕਮਿਸ਼ਨਰ ਰਾਹੀਂ ਬਠਿੰਡਾ ਰਾਹੀਂ ਮੁੱਖ ਮੰਤਰੀ ਨੂੰ ਪੱਤਰ ਸੌਂਪਣ ਆਏ ਸਨ ਕਿ ਇਕ ਮਹੀਨੇ ਦੇ ਅੰਦਰ ਉਨ੍ਹਾਂ ਦੇ ਮਸਲੇ ਹੱਲ ਕੀਤੇ ਜਾਣ, ਨਹੀਂ ਤਾਂ ਇਕ ਮਹੀਨੇ ਬਾਅਦ 10 ਅਗਸਤ ਨੂੰ ਮੁੱਖ ਮੰਤਰੀ ਦੀ ਕੋਠੀ ਘੇਰਨਗੇ। ਸੂਬਾ ਸਕੱਤਰ ਨੇ ਦੋਸ਼ ਲਗਾਇਆ ਕਿ ਇਸ ਦੌਰਾਨ ਮੰਗ ਪੱਤਰ ਲੈਣ ਲਈ ਡਿਪਟੀ ਕਮਿਸ਼ਨਰ ਨੇ ਉਨ੍ਹਾਂ ਕੋਲ ਆਉਣ ਦੀ ਬਜਾਏ ਉਨ੍ਹਾਂ ਨੂੰ ਆਪਣੇ ਆਉਣ ਦਾ ਸੱਦਾ ਭੇਜਿਆ, ਜਦਕਿ ਅੰਗਹੀਣ ਹੋਣ ਕਰਕੇ ਉਹ ਸਕੱਤਰੇਤ ਦੀਆਂ ਪੌੜੀਆਂ ਚੜਣ ਤੋਂ ਅਸਮਰੱਥ ਹਨ, ਇਸੇ ਰੋਸ ਵਜੋਂ ਉਨ੍ਹਾਂ ਨੂੰ ਸੜਕ ’ਚ ਧਰਨਾ ਲਗਾ ਕੇ ਆਵਾਜਾਈ ਠੱਪ ਕਰਨ ਲਈ ਮਜ਼ਬੂਰ ਹੋਣਾ ਪਿਆ। ਉਨ੍ਹਾਂ ਚੇਤਾਵਨੀ ਦਿੰਦੇ ਕਿਹਾ ਕਿ ਹੁਣ ਸਰਕਾਰ ਨਾਲ ਗੱਲਬਾਤ ਕਰਨ ਦੀ ਬਜਾਏ ਉਹ 10 ਅਗਸਤ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਚੰਡੀਗੜ੍ਹ ਸਥਿਤ ਕੋਠੀ ਦਾ ਘਿਰਾਓ ਕਰਨਗੇ ਅਤੇ ਉੱਥੇ ਹੀ ਭੁੱਖ ਹੜਤਾਲ ਅਤੇ ਮਰਨ ਵਰਤ ਸ਼ੁਰੂ ਕੀਤਾ ਜਾਵੇਗਾ, ਜੋ ਉੱਕਤ ਮੰਗਾਂ ਦੇ ਹੱਲ ਤੱਕ ਜਾਰੀ ਰਹੇਗਾ।