ਤਲਵੰਡੀ ਸਾਬੋ, 10 ਜੁਲਾਈ (ਰਣਜੀਤ ਸਿੰਘ ਰਾਜੂ)- ਪੰਜਾਬ ਸਰਕਾਰ ਵਲੋਂ ‘ਪਵਿੱਤਰ ਸ਼ਹਿਰ’ ਕਰਾਰ ਦਿੱਤੇ ਇਤਿਹਾਸਿਕ ਤੇ ਧਾਰਮਿਕ ਨਗਰ ਤਲਵੰਡੀ ਸਾਬੋ ਦੇ ਬੱਸ ਅੱਡੇ ਦੀ ਨਰਕਮਈ ਸਥਿਤੀ ਨੂੰ ਸੁਧਾਰਨ ਵਾਸਤੇ ਪਿਛਲੇ ਲੰਬੇ ਸਮੇਂ ਤੋਂ ਭਾਵੇਂ ਲੋਕਾਂ ਵਲੋਂ ਆਵਾਜ਼ ਉਠਾਈ ਜਾ ਰਹੀ ਹੈ ਪਰ ਕੋਈ ਕਾਰਵਾਈ ਨਾ ਹੁੰਦੀ ਦੇਖ ਅੱਜ ਕਾਂਗਰਸ ਦੇ ਸੀਨੀਅਰ ਆਗੂ ਕ੍ਰਿਸ਼ਨ ਸਿੰਘ ਭਾਗੀਵਾਂਦਰ ਦੀ ਅਗਵਾਈ ਹੇਠ ਬੱਸ ਅੱਡੇ ਦੇ ਗੇਟ ਅੱਗੇ ਰੋਸ ਧਰਨਾ ਦਿੱਤਾ ਗਿਆ ਜਿਸ ਵਿਚ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੁਝ ਮੁਹਤਬਰਾਂ ਨੇ ਵੀ ਸ਼ਮੂਲੀਅਤ ਕੀਤੀ।ਰੋਸ ਧਰਨੇ ਨੂੰ ਸੰਬੋਧਨ ਦੌਰਾਨ ਕਾਂਗਰਸੀ ਆਗੂ ਕ੍ਰਿਸ਼ਨ ਸਿੰਘ ਭਾਗੀਵਾਂਦਰ ਨੇ ਕਿਹਾ ਕਿ ਸਿੱਖਾਂ ਦੇ ਚੌਥੇ ਤਖਤ, ਤਖਤ ਸ੍ਰੀ ਦਮਦਮਾ ਸਾਹਿਬ ਦੇ ਦਰਸ਼ਨਾਂ ਲਈ ਰੋਜ਼ਾਨਾ ਸੈਂਕੜੇ ਲੋਕ ਦੇਸ਼ ਵਿਦੇਸ਼ ‘ਚੋਂ ਇਸ ਨਗਰ ‘ਚ ਬੱਸ ਅੱਡੇ ਰਾਹੀਂ ਪਹੁੰਚਦੇ ਹਨ ਪਰ ਬੱਸ ਅੱਡੇ ਦੀ ਹਾਲਤ ਇੰਨੀ ਤਰਸਯੋਗ ਹੋਈ ਪਈ ਹੈ ਕਿ ਬੱਸ ਅੱਡੇ ਤੇ ਉੱਤਰਨ ਵਾਲੇ ਸ਼ਰਧਾਲੂ ਹੈਰਾਨ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਨਗਰ ਵਾਸੀਆਂ ਨੇ ਕਈ ਵਾਰ ਅੱਡੇ ਦਾ ਸੰਚਾਲਨ ਕਰ ਰਹੀઠਪੀ.ਆਰ.ਟੀ.ਸੀઠਦੇ ਅਧਿਕਾਰੀਆਂ ਅਤੇ ਸਰਕਾਰ ਤੱਕ ਪਹੁੰਚ ਕੀਤੀ ਪਰ ਸਰਕਾਰ ਨੇ ਅੱਡੇ ਦੇ ਸੁਧਾਰ ਲਈ ਅੱਜ ਤੱਕ ਕਦਮ ਨਹੀ ਉਠਾਏ। ਉੱਧਰ ਬਸਪਾ ਦੇ ਸੂਬਾ ਸਕੱਤਰ ਅਤੇ ਉਕਤ ਬੱਸ ਅੱਡੇ ਦੇ ਨਿਰਮਾਣ ਸਮੇਂ ਤਲਵੰਡੀ ਸਾਬੋ ਦੇ ਸਰਪੰਚ ਰਹੇ ਮਾ.ਜਗਦੀਪ ਸਿੰਘ ਗੋਗੀ ਨੇ ਕਿਹਾ ਕਿ ਜਦੋਂ ਬੱਸ ਅੱਡੇ ਦਾ ਨਿਰਮਾਣ ਕਰਵਾਇਆ ਉਦੋਂ ਲੋਕ ਇਸ ਨੂੰ ਦੇਖਣ ਲਈ ਆਇਆ ਕਰਦੇ ਸਨ ਪਰ ਸਾਂਭ ਸੰਭਾਲ ਖੁਣੋਂ ਹੁਣ ਜਿੱਥੇ ਇਸ ਦੇ ਹਾਲਾਤ ਨਰਕ ਵਰਗੇ ਬਣੇ ਪਏ ਹਨ ਉੱਥੇ ਅੱਡੇ ਚ ਲੋਕਾਂ ਲਈ ਕੋਈ ਸਹੂਲਤ ਮੌਜੂਦ ਨਹੀਂ।ਉੱਧਰઠਪੀ.ਆਰ.ਟੀ.ਸੀઠਅਧਿਕਾਰੀਆਂ ਵੱਲੋਂ ਆਏ ਇੱਕ ਵਫ਼ਦ ਨੇ ਧਰਨਾਕਾਰੀਆਂ ਨਾਲ ਗੱਲਬਾਤ ਦੌਰਾਨ ਉਨਾਂ ਨੂੰ ਮਹਿਕਮੇ ਵੱਲੋਂ ਜਾਰੀ ਪੱਤਰ ਦਿਖਾਉਂਦਿਆਂ ਦੱਸਿਆ ਕਿ ਅੱਡੇ ਦੀ ਦਸ਼ਾ ਸੁਧਾਰਨ ਲਈ ਸਰਕਾਰ ਵਲੋਂ ਬਕਾਇਦਾ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ ਤੇ 13 ਜੁਲਾਈ ਨੂੰ ਇਸ ਸਬੰਧੀ ਟੈਂਡਰ ਹੋ ਜਾਣਗੇ ਜਿਸ ਤੇ ਸੰਤੁਸ਼ਟੀ ਪ੍ਰਗਟਾਉਂਦਿਆਂ ਧਰਨਾ ਚੁੱਕ ਲਿਆ ਗਿਆ। ਧਰਨੇ ‘ਚ ਕਾਂਗਰਸੀ ਆਗੂ ਦਿਲਪ੍ਰੀਤ ਸਿੰਘ ਜਗਾ, ਵਿਕਾਸ ਤਲਵੰਡੀ, ਰਣਬੀਰ ਸ਼ੇਖਪੁਰਾ, ਮੁਹਤਬਰ ਆਗੂ ਠਾਣਾ ਸਿੰਘ ਚੱਠਾ, ਬਸਪਾ ਆਗੂ ਹਰਨੇਕ ਸਿੰਘ ਤਲਵੰਡੀ, ਰਿਕਸ਼ਾ ਯੂਨੀਅਨ ਆਗੂ ਜੀਤ ਸਿੰਘ ਟੀ.ਟੀ ਆਦਿ ਸ਼ਾਮਿਲ ਹੋਏ।