ਬਠਿੰਡਾ, 14 ਜੁਲਾਈ (ਪ੍ਰੀਤਪਾਲ ਸਿੰਘ ਰੋਮਾਣਾ)- ਸ਼ਹਿਰ ਵਿਚ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਥਾਣਾ ਕੈਨਾਲ ਅਧੀਨ ਖੇਤਰ ਵਿਚ ਔਰਤ ਨੂੰ ਨਿਸ਼ਾਨਾ ਬਣਾਉਂਦਿਆਂ ਦੋ ਵੱਖ-ਵੱਖ ਵਾਰਦਾਤਾਂ ਵਾਪਰੀਆਂ, ਜਿਨ੍ਹਾਂ ਨੇ ਪੁਲਿਸ ਦੀ ਗਸ਼ਤ ਅਤੇ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇੱਕ ਮਾਮਲੇ ਵਿਚ ਅਣਪਛਾਤੇ ਵਿਅਕਤੀਆਂ ਨੇ ਔਰਤ ਨੂੰ ਗੱਲਾਂ ਵਿਚ ਉਲਝਾ ਕੇ ਉਸ ਦੇ ਸੋਨੇ ਦੇ ਗਹਿਣੇ ਲੈ ਲਏ, ਜਦਕਿ ਦੂਜੇ ਮਾਮਲੇ ਵਿਚ ਬਾਈਕ ਸਵਾਰ ਦੋ ਨੌਜਵਾਨ ਇੱਕ ਔਰਤ ਦਾ ਬੈਗ ਖੋਹ ਕੇ ਫ਼ਰਾਰ ਹੋ ਗਏ। ਦੋਵੇਂ ਪੀੜਤਾਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪਹਿਲੀ ਘਟਨਾ ਪਰਸਰਾਮ ਨਗਰ ਸਥਿਤ ਪੈਟਰੋਲ ਪੰਪ ਨੇੜੇ ਗਲੀ ਨੰਬਰ-30 ਵਿਖੇ ਵਾਪਰੀ ਜਿੱਥੇ ਇਕ ਉਸ਼ਾ ਰਾਣੀ ਨਾਮ ਦੀ ਔਰਤ ਕਿਸੇ ਕੰਮ ਲਈ ਘਰ ਤੋਂ ਬਾਹਰ ਗਈ ਸੀ। ਇਸ ਦੌਰਾਨ ਤਿੰਨ-ਚਾਰ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਰੋਕ ਕੇ ਗੱਲਾਂ ਵਿਚ ਉਲਝਾ ਲਿਆ ਤੇ ਉਸ ਨੂੰ ਇੱਕ ਬੈਗ ਫੜਾ ਦਿੱਤਾ। ਕੁਝ ਸਮੇਂ ਬਾਅਦ ਜਦੋਂ ਉਸ ਨੂੰ ਹੋਸ਼ ਆਈ ਤਾਂ ਉਸ ਦੇ ਗਲੇ ਦੀ ਸੋਨੇ ਦੀ ਚੇਨ ਅਤੇ ਕੰਨਾਂ ਦੇ ਸੋਨੇ ਦੇ ਟਾਪਸ ਗਾਇਬ ਸਨ। ਪੀੜਤਾ ਨੇ ਸ਼ੱਕ ਜਤਾਇਆ ਕਿ ਦੋਸ਼ੀਆਂ ਨੇ ਉਸ ਨੂੰ ਕੋਈ ਨਸ਼ੀਲਾ ਪਦਾਰਥ ਸੁੰਘਾਇਆ, ਜਿਸ ਤੋਂ ਬਾਅਦ ਉਹ ਬੇਸੁੱਧ ਹੋ ਗਈ ਅਤੇ ਲੁਟੇਰੇ ਗਹਿਣੇ ਲੈ ਕੇ ਫ਼ਰਾਰ ਹੋ ਗਏ। ਅਜਿਹੀ ਦੂਜੀ ਘਟਨਾ ਸ਼ਾਮ ਸਮੇਂ ਰੇਲਵੇ ਗਰਾਊਂਡ ਨੇੜੇ ਵਾਪਰੀ ਜਿੱਥੇ ਪ੍ਰਤਾਪ ਨਗਰ ਦੀ ਰਹਿਣ ਵਾਲੀ ਅਮਨ ਕੌਰ ਪੈਦਲ ਬਾਜ਼ਾਰ ਵੱਲ ਜਾ ਰਹੀ ਸੀ ਕਿ ਪਿੱਛੋਂ ਬਾਈਕ ’ਤੇ ਆਏ ਦੋ ਨੌਜਵਾਨਾਂ ਨੇ ਝਪਟ ਮਾਰ ਕੇ ਉਸ ਦਾ ਬੈਗ ਖੋਹ ਲਿਆ ਅਤੇ ਫ਼ਰਾਰ ਹੋ ਗਏ। ਪੀੜਤਾ ਨੇ ਦੱਸਿਆ ਕਿ ਬੈਗ ਵਿਚ ਕੱਪੜਿਆਂ ਤੋਂ ਇਲਾਵਾ ਕਰੀਬ 20 ਹਜ਼ਾਰ ਰੁਪਏ ਕੀਮਤ ਦਾ ਮੋਬਾਈਲ ਫ਼ੋਨ ਸੀ। ਪੀੜ੍ਹਤ ਨੇ ਦੋਸ਼ ਲਗਾਏ ਕਿ ਜਦੋ ਉਸ ਨੇ ਥਾਣਾ ਕੈਨਾਲ ਵਿਚ ਸ਼ਿਕਾਇਤ ਦਰਜ ਕਰਵਾਉਣੀ ਚਾਹੀ ਤਾ ਪੁਲਿਸ ਨੇ ਪਹਿਲਾਂ ਮੋਬਾਈਲ ਦਾ ਬਿੱਲ ਅਤੇ ਡੱਬਾ ਲਿਆਉਣ ਲਈ ਕਿਹਾ, ਜਿਸ ਕਾਰਨ ਉਸ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਮਾਜਸੇਵੀ ਸੋਨੂ ਮਹੇਸ਼ਵਰੀ ਨੇ ਦਾਅਵਾ ਕੀਤਾ ਕਿ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਚਾਰ ਤੋਂ ਪੰਜ ਮੈਂਬਰਾਂ ਦਾ ਇੱਕ ਗਿਰੋਹ ਲੰਮੇ ਸਮੇਂ ਤੋਂ ਸਰਗਰਮ ਹੈ। ਉਨ੍ਹਾਂ ਕਿਹਾ ਕਿ ਗਿਰੋਹ ਦੇ ਮੈਂਬਰ ਪਹਿਲਾਂ ਇਕੱਲੀਆਂ ਔਰਤਾਂ ਜਾਂ ਰਾਹਗੀਰਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਆਪਣੇ ਝਾਂਸੇ ਵਿਚ ਲੈਂਦੇ ਹਨ ਅਤੇ ਕਥਿਤ ਤੌਰ ’ਤੇ ਕੋਈ ਨਸ਼ੀਲਾ ਪਦਾਰਥ ਸੁੰਘਾ ਕੇ ਉਨ੍ਹਾਂ ਦੇ ਸੋਨੇ ਦੇ ਗਹਿਣੇ ਜਾਂ ਕੀਮਤੀ ਸਾਮਾਨ ਲੈ ਕੇ ਫ਼ਰਾਰ ਹੋ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਪਰਸਰਾਮ ਨਗਰ ਅਤੇ ਮਿੰਨੀ ਸਕੱਤਰੇਤ ਰੋਡ ’ਤੇ ਵੀ ਪਹਿਲਾਂ ਇਸੇ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ, ਪਰ ਅਜੇ ਤੱਕ ਦੋਸ਼ੀਆਂ ਦਾ ਕੋਈ ਸੁਰਾਗ ਨਹੀਂ ਲੱਗ ਸਕਿਆ। ਸ਼ਹਿਰ ਵਿਚ ਲਗਾਤਾਰ ਵਾਪਰ ਰਹੀਆਂ ਇਨ੍ਹਾਂ ਘਟਨਾਵਾਂ ਕਾਰਨ ਲੋਕਾਂ ਵਿਚ ਡਰ ਦਾ ਮਾਹੌਲ ਹੈ। ਸ਼ਹਿਰ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਰਗਰਮ ਗਿਰੋਹ ਨੂੰ ਜਲਦੀ ਕਾਬੂ ਕਰਕੇ ਲੁੱਟ-ਖੋਹ ਦੀਆਂ ਵੱਧ ਰਹੀਆਂ ਘਟਨਾਵਾਂ ’ਤੇ ਸਖ਼ਤੀ ਨਾਲ ਰੋਕ ਲਗਾਈ ਜਾਵੇ।
ਬਠਿੰਡਾ ’ਚ ਸ਼ਾਤਰ ਲੁਟੇਰਾ ਗਰੋਹ ਔਰਤਾਂ ਨੂੰ ਬਣਾ ਰਹੇ ਨਿਸ਼ਾਨਾ, ਇਕੋ ਦਿਨ ਦੋ ਥਾਵਾਂ ’ਤੇ ਲੁੱਟ ਦੀਆਂ ਵਾਰਦਾਤਾਂ
ਅਜੀਤ ਡੈਸਕ
15-07-2026