ਬਠਿੰਡਾ, 16 ਜੁਲਾਈ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੀ ਡਾਇਮੰਡ ਵੈੱਲਫ਼ੇਅਰ ਸੁਸਾਇਟੀ, ਬਠਿੰਡਾ ਵਲੋਂ ਮਹਿਲਾ ਸਸ਼ਕਤੀਕਰਨ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਸਮਾਗਮ ਵਿਚ ਰਾਸ਼ਟਰੀ ਮਹਿਲਾ ਆਯੋਗ ਦੀ ਚੇਅਰਪਰਸਨ ਵਿਜਯਾ ਕਿਸ਼ੋਰ ਰਹਾਟਕਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸੁਸਾਇਟੀ ਦੀ ਪ੍ਰਧਾਨ ਅਤੇ ਸਮਾਜ ਸੇਵਿਕਾ ਪ੍ਰਿੰਸੀਪਲ ਵੀਨੂੰ ਗੋਇਲ ਦੀ ਅਗਵਾਈ ਹੇਠ ਸਮਾਗਮ ਵਿਚ ਬਹੁਗਿਣਤੀ ਮਹਿਲਾਵਾਂ, ਸਵੈ ਸਹਾਇਤਾ ਸਮੂਹਾਂ ਦੇ ਮੈਂਬਰਾਂ, ਸਕਿੱਲ ਡਿਵੈਲਪਮੈਂਟ ਕੋਰਸਾਂ ਦੀਆਂ ਲਾਭਪਾਤਰੀਆਂ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਨਾਲ ਸੰਬੰਧਿਤ ਮਹਿਲਾਵਾਂ ਨੇ ਹਿੱਸਾ ਲਿਆ। ਸੰਬੋਧਨ ਦੌਰਾਨ ਵਿਜਯਾ ਕਿਸ਼ੋਰ ਰਹਾਟਕਰ ਨੇ ਕੇਂਦਰ ਸਰਕਾਰ ਵਲੋਂ ਮਹਿਲਾਵਾਂ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਭਲਾਈ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਅਤੇ ਮਹਿਲਾਵਾਂ ਨੂੰ ਇਨ੍ਹਾਂ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਮਹਿਲਾਵਾਂ ਦਾ ਆਤਮਨਿਰਭਰ ਅਤੇ ਆਤਮਵਿਸ਼ਵਾਸੀ ਬਣਨਾ ਸਮਾਜ ਦੇ ਸਰਵਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹੈ। ਇਸ ਮੌਕੇ ਰਾਸ਼ਟਰੀ ਮਹਿਲਾ ਆਯੋਗ ਦੇ ਡਿਪਟੀ ਡਾਇਰੈਕਟਰ ਰਾਮ ਅਵਤਾਰ ਸਿੰਘ ਸਮੇਤ ਟੀਮ ਵੀ ਹਾਜ਼ਰ ਰਹੀ। ਸਮਾਗਮ ਦੌਰਾਨ ਡਾਇਮੰਡ ਵੈੱਲਫ਼ੇਅਰ ਸੋਸਾਇਟੀ ਦੀਆਂ ਸਮਾਜ ਸੇਵੀ ਗਤੀਵਿਧੀਆਂ ’ਤੇ ਆਧਾਰਿਤ ਇੱਕ ਡਾਕੂਮੈਂਟਰੀ ਵੀ ਦਿਖਾਈ ਗਈ। ਇਸ ਤੋਂ ਇਲਾਵਾ ਸੁਖਮਣੀ ਸਕੂਲ ਦੇ ਵਿਦਿਆਰਥੀਆਂ ਵਲੋਂ ਪੰਜਾਬੀ ਸੱਭਿਆਚਾਰ ’ਤੇ ਆਧਾਰਿਤ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਵਲੋਂ ਜੋਤ ਰੌਸ਼ਨ ਕਰਕੇ ਕੀਤੀ ਗਈ। ਇਸ ਮੌਕੇ ਬਠਿੰਡਾ ਦੀਆਂ ਵੱਖ-ਵੱਖ ਖੇਤਰਾਂ ਵਿਚ ਸ਼ਾਨਦਾਰ ਸੇਵਾਵਾਂ ਨਿਭਾ ਰਹੀਆਂ ਅੱਠ ਮਹਿਲਾਵਾਂ ਨੂੰ ਐਵਾਰਡ ਆਫ਼ ਐਕਸੀਲੈਂਸ ਇਨ ਬਠਿੰਡਾ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਅੰਤ ਵਿਚ ਮੰਚ ਸੰਚਾਲਕ ਐਮ.ਕੇ. ਮੰਨਾ ਨੇ ਸਾਰੇ ਮਹਿਮਾਨਾਂ ਅਤੇ ਹਾਜ਼ਰੀਨਾਂ ਦਾ ਧੰਨਵਾਦ ਕੀਤਾ।
ਡਾਇਮੰਡ ਵੈੱਲਫ਼ੇਅਰ ਸੁਸਾਇਟੀ ਦੇ ਮਹਿਲਾ ਸਸ਼ਕਤੀਕਰਨ ਸਮਾਗਮ ਵਿਚ ਪੁੱਜੀ ਰਾਸ਼ਟਰੀ ਮਹਿਲਾ ਆਯੋਗ ਦੀ ਚੇਅਰਪਰਸਨ
ਅਜੀਤ ਡੈਸਕ
17-07-2026