ਰਾਮਪੁਰਾ ਫੂਲ, 17 ਜੁਲਾਈ (ਹੇਮੰਤ ਕੁਮਾਰ ਸ਼ਰਮਾ): ਆਜ਼ਾਦ ਵਾਲੀਬਾਲ ਸਪੋਰਟਸ ਕਲੱਬ ਦੇ ਪ੍ਰਧਾਨ ਅਤੇ ਰਿਟਾਇਰਡ ਮੁੱਖ ਅਧਿਆਪਕ ਹਰਿੰਦਰ ਸਿੰਘ ਭੁੱਲਰ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਨਵੀਂ ਪੀੜ੍ਹੀ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਸ਼ਲਾਘਾਯੋਗ ਉਪਰਾਲਾ ਕਰ ਰਹੇ ਹਨ। ਸਥਾਨਕ ਸ਼ਹਿਰ ਦੇ ਮੌੜ ਰੋਡ ਸਥਿਤ ਬਿਜਲੀ ਬੋਰਡ ਨੇੜੇ ਵਾਲੀਬਾਲ ਗਰਾਊਂਡ ਵਿਚ ਹਰ ਰੋਜ਼ ਨਿੱਕੇ ਬੱਚਿਆਂ ਨੂੰ ਵਾਲੀਬਾਲ ਦੀ ਮੁਫ਼ਤ ਸਿਖਲਾਈ ਦਿੱਤੀ ਜਾ ਰਹੀ ਹੈ। ਇੱਥੇ ਜ਼ਿਕਰਯੋਗ ਹੈ ਕਿ ਹਰਿੰਦਰ ਸਿੰਘ ਭੁੱਲਰ, ਗੁਰਦੀਪ ਸਿੰਘ, ਸੁਦੇਸ਼ ਰਾਜ, ਰਾਜੀ ਮਾਸਟਰ ਜੋ ‘ਖੇਡਾਂ ਵਤਨ ਪੰਜਾਬ ਦੀਆਂ’ ਵਿਚ 65–75 ਸਾਲ ਉਮਰ ਵਰਗ ਦੀ ਵਾਲੀਬਾਲ ਪ੍ਰਤੀਯੋਗਤਾ ਵਿਚ ਪੰਜਾਬ ਪੱਧਰ ’ਤੇ ਦੋ ਵਾਰ ਸੋਨ ਤਗਮਾ ਜਿੱਤ ਚੁੱਕੇ ਹਨ। ਨੌਜਵਾਨਾਂ ਨੂੰ ਵਾਲੀਬਾਲ ਦੀ ਸਿਖਲਾਈ ਦੇ ਰਹੇ ਹੈਪੀ ਸ਼ਰਮਾ ਨੇ ਕਿਹਾ ਕਿ ਜੇਕਰ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਖੇਡਾਂ ਨਾਲ ਜੋੜਿਆ ਜਾਵੇ ਤਾਂ ਉਹ ਸਰੀਰਕ ਅਤੇ ਮਾਨਸਿਕ ਤੌਰ ’ਤੇ ਮਜ਼ਬੂਤ ਬਣਦੇ ਹਨ। ਖੇਡਾਂ ਨੌਜਵਾਨਾਂ ਨੂੰ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਦੀਆਂ ਹਨ ਅਤੇ ਅਨੁਸ਼ਾਸਨ, ਮਿਹਨਤ ਤੇ ਟੀਮ ਭਾਵਨਾ ਸਿਖਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਭਾਗ ਲੈਣ ਲਈ ਉਤਸ਼ਾਹਿਤ ਕਰਨ, ਤਾਂ ਜੋ ਉਹ ਭਵਿੱਖ ਵਿਚ ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰ ਸਕਣ। ਇਸ ਸਮਾਜਿਕ ਉਪਰਾਲੇ ਵਿਚ ਲੈਕਚਰਾਰ ਗੁਰਮੇਲ ਸਿੰਘ, ਗੁਰਦੀਪ ਸਿੰਘ, ਜਸਵਿੰਦਰ ਬੱਲੋ੍ਹ, ਸੁਦੇਸ਼ ਰਾਜ, ਹੈਪੀ ਸ਼ਰਮਾ ਅਤੇ ਰਾਜ਼ੀ ਮਾਸਟਰ ਪੂਰਾ ਸਹਿਯੋਗ ਦੇ ਰਹੇ ਹਨ। ਕਲੱਬ ਦੇ ਮੈਂਬਰਾਂ ਨੇ ਇਲਾਕੇ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਵਾਲੀਬਾਲ ਨਾਲ ਜੁੜਨ ਦੀ ਅਪੀਲ ਕੀਤੀ ਹੈ, ਤਾਂ ਜੋ ਰਾਮਪੁਰਾ ਫੂਲ ਵਿਚੋਂ ਹੋਰ ਕਾਬਲ ਖਿਡਾਰੀ ਤਿਆਰ ਹੋ ਸਕਣ।