ਚਾਉਕੇ, 17 ਜੁਲਾਈ (ਮਨਜੀਤ ਸਿੰਘ ਘੜੈਲੀ)-ਸੰਸਥਾ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋੋ ਕਲਾਂ ਵਿਖੇ ਸੰਸਥਾ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਸਾਗਰਜੀਤ ਸਿੰਘ ਖੀਪਲ (ਡਾਇਰੈਕਟਰ) ਦੇ ਵਿਸ਼ੇਸ ਸਹਿਯੋਗ ਨਾਲ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਪੰਜਾਬ ਦੇ ਸਵਰਨ ਸਿੰਘ (ਵਣ ਰੇਂਜ ਅਫ਼ਸਰ ਬਰਨਾਲਾ), ਜਗਸੀਰ ਸਿੰਘ (ਬਲਾਕ ਅਫ਼ਸਰ ਬਰਨਾਲਾ) ਨੇ ਆਪਣੀ ਸਮੁੱਚੀ ਟੀਮ ਨਾਲ ਪਹੁੰਚਕੇ ਵਣ ਮਹਾਂਉਤਸਵ 2026 ਮਨਾਉਣ ਦਾ ਉਦਘਾਟਨ ਕੀਤਾ। ਵਣ ਮਹਾਂਉਤਸਵ ਦੇ ਪਹਿਲੇ ਦਿਨ ਵਣ ਰੇਂਜ ਬਰਨਾਲਾ ਦੀ ਟੀਮ ਵਲੋਂ ਸੰਸਥਾ ਦੇ ਵਿਦਿਆਰਥੀਆਂ ਤੇ ਮਾਪਿਆਂ ਨੂੰ ਵੱਖ-ਵੱਖ ਕਿਸਮਾਂ ਦੇ ਫ਼ਲਦਾਰ, ਛਾਂਦਾਰ ਅਤੇ ਫੁੱਲਦਾਰ ਬੂਟੇ ਮੁਫ਼ਤ ਵੰਡੇ ਗਏ। ਸਾਰੀਆਂ ਜਮਾਤਾਂ ਦੇ ਵਿਦਿਆਰਥੀਆਂ ਅਤੇ ਸਕੂਲ ਮੈਨੇਜਮੈਂਟ, ਵਣ ਰੇਂਜ ਬਰਨਾਲਾ ਦੀ ਟੀਮ ਨੇ ਸਕੂਲ ਕੈਂਪਸ ’ਚ ਵੱਡੇ ਪੱਧਰ ਤੇ ਪੌਦੇ ਲਗਾਉਣ ਦੀ ਮੁਹਿੰਮ ’ਚ ਹਿੱਸਾ ਲਿਆ। ਇਸ ਮੌਕੇ ਸਵਰਨ ਸਿੰਘ ਤੇ ਜਗਸੀਰ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਧਰਤੀ ਨੂੰ ਹਰਾ-ਭਰਾ ਰੱਖਣ ਅਤੇ ਆਉਣ ਵਾਲੀਆਂ ਪੀੜੀਆਂ ਲਈ ਵਾਤਾਵਰਣ ਨੂੰ ਸ਼ੁੱਧ ਬਣਾਈ ਰੱਖਣ ਲਈ ਪੌਦੇ ਲਗਾਉਣਾ ਅੱਜ ਦੀ ਮੁੱਖ ਲੋੜ ਹੈ। ਇਸ ਮੌਕੇ ਬੱਚਿਆਂ, ਅਧਿਆਪਕਾਂ ਅਤੇ ਮਾਪਿਆਂ ਨੇ ਬੂਟਿਆਂ ਦੀ ਸਾਂਭ-ਸੰਭਾਲ ਕਰਨ, ਵਾਤਾਵਰਣ ਨੂੰ ਆਉਣ ਵਾਲੀਆ ਪੀੜ੍ਹੀਆਂ ਲਈ ਹਰਾ-ਭਰਾ ਬਣਾਈ ਰੱਖਣ ਬਾਰੇ ਪ੍ਰਣ ਲਿਆ। ਸੰਸਥਾ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਸਾਗਰਜੀਤ ਸਿੰਘ ਖੀਪਲ (ਡਾਇਰੈਕਟਰ) ਨੇ ਬੱਚਿਆਂ ਅਤੇ ਪਹੁੰਚੇ ਮਾਪਿਆਂ ਨੂੰ ਕਿਹਾ ਕਿ ਰੁੱਖ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਹੈ, ਕਿਉਂਕਿ ਇੰਨ੍ਹਾਂ ਰੁੱਖਾਂ ਦੀ ਮੱਦਦ ਨਾਲ ਅਸੀਂ ਸਿਹਤਮੰਦ ਵਾਤਾਵਰਣ ’ਚ ਸਾਹ ਲੈਂਦੇ ਹਾਂ।