ਸੰਗਤ ਮੰਡੀ, 19 ਜੁਲਾਈ (ਸੁਖਤੇਜ ਧਾਲੀਵਾਲ)- ਥਾਣਾ ਸੰਗਤ ਦੇ ਪਿੰਡ ਫੱਲ੍ਹੜ ਵਿਖੇ ਕਿਸਾਨਾਂ ਦੀਆਂ ਖੇਤਾਂ ‘ਚ ਲੱਗੀਆਂ ਸੋਲਰ ਮੋਟਰਾਂ ਦੀਆਂ ਤਾਰਾਂ ਅਤੇ ਸਟਾਟਰ ਚੋਰੀ ਕਰਨ ਦੇ ਮਾਮਲੇ ਵਿਚ ਪੁਲਿਸ ਵਲੋਂ ਇਕ ਵਿਅਕਤੀ ਸਮੇਤ ਕੁਝ ਅਣਪਛਾਤੇ ਵਿਰੁੱਧ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਅਨੁਸਾਰ ਚੋਰੀ ਦੀਆਂ ਘਟਨਾਵਾਂ ਵਿਚ ਸ਼ਾਮਿਲ ਮੁੱਖ ਸ਼ੱਕੀ ਬਿਜਲੀ ਮਕੈਨਿਕ ਦੱਸਿਆ ਜਾ ਰਿਹਾ ਹੈ, ਜਿਸ ਨੇ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਚੋਰੀ ਕੀਤਾ ਸਮਾਨ ਮੁੜ ਪ੍ਰਭਾਵਿਤ ਕਿਸਾਨਾਂ ਨੂੰ ਹੀ ਵੇਚਣ ਲਈ ਸੌਦੇਬਾਜ਼ੀ ਕਰ ਰਹੇ ਸਨ। ਇਸ ਦੌਰਾਨ ਕਿਸਾਨਾਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਤੁਰੰਤ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ।ਪੁਲਿਸ ਕੋਲ ਕੀਤੀ ਸ਼ਿਕਾਇਤ ਦੇ ਆਧਾਰ ‘ਤੇ ਥਾਣਾ ਸੰਗਤ ਦੀ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੀੜਤ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਪੁਲਿਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਸਖ਼ਤੀ ਨਾਲ ਪੁੱਛਗਿੱਛ ਕਰੇ ਤਾਂ ਇਲਾਕੇ ਵਿੱਚ ਹੋਈਆਂ ਹੋਰ ਚੋਰੀਆਂ ਦੇ ਵੀ ਅਹਿਮ ਖ਼ੁਲਾਸੇ ਹੋ ਸਕਦੇ ਹਨ।ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਦੌਰਾਨ ਪਿੰਡ ਚੱਕ ਰੁਲਦੂ ਸਿੰਘ ਵਾਲਾ, ਪੱਕਾ ਕਲਾਂ, ਫੱਲ੍ਹੜ ਅਤੇ ਆਲੇ-ਦੁਆਲੇ ਦੇ ਹੋਰਨਾਂ ਪਿੰਡਾਂ ਵਿੱਚ ਸੋਲਰ ਮੋਟਰਾਂ ਦੀਆਂ ਤਾਰਾਂ ਅਤੇ ਸਟਾਰਟਰ ਚੋਰੀ ਹੋਣ ਦੀਆਂ ਲਗਾਤਾਰ ਕਈ ਘਟਨਾਵਾਂ ਸਾਹਮਣੇ ਆਈਆਂ ਸਨ। ਇਨ੍ਹਾਂ ਚੋਰੀਆਂ ਕਾਰਨ ਇਲਾਕੇ ਦੇ ਕਿਸਾਨ ਚਿੰਤਤ ਸਨ ਅਤੇ ਪੁਲਿਸ ਤੋਂ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਸਨ। ਹੁਣ ਇਸ ਮਾਮਲੇ ਵਿੱਚ ਕੇਸ ਦਰਜ਼ ਹੋਣ ਤੋਂ ਬਾਅਦ ਕਿਸਾਨਾਂ ਨੂੰ ਉਮੀਦ ਹੈ ਕਿ ਪੁਲਿਸ ਦੋਸ਼ੀਆਂ ਨੂੰ ਜਲਦ ਕਾਬੂ ਕਰਕੇ ਚੋਰੀਆਂ ਦੀ ਘਟਨਾਵਾਂ ‘ਤੇ ਨਕੇਲ ਪਾਉਣ ‘ਚ ਕਾਮਯਾਬ ਹੋਵੇਗੀ। ਥਾਣਾ ਸੰਗਤ ਦੇ ਸਹਾਇਕ ਥਾਣੇਦਾਰ ਨਿਰਮਲ ਸਿੰਘ ਨੇ ਦੱਸਿਆ ਕਿ ਪਿੰਡ ਫੱਲ੍ਹੜ ਦੇ ਕੇਦੀਪ ਸਿੰਘ ਪੁੱਤਰ ਰਜਿੰਦਰ ਸਿੰਘ ਵਲੋਂ ਪੁਲਿਸ ਕੋਲ ਕੀਤੀ ਸ਼ਿਕਾਇਤ ਦੇ ਆਧਾਰ ’ਤੇ ਜਾਂਚ ਕਰਨ ਤੋਂ ਬਾਅਦ ਸਰਬਜੀਤ ਸਿੰਘ ਪੁੱਤਰ ਮੰਦਰ ਸਿੰਘ ਵਾਸੀ ਫੱਲ੍ਹੜ ਸਮੇਤ ਕੁਝ ਹੋਰ ਨਾਮਾਲੂਮ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
-ਮਾਮਲਾ ਸੋਲਰ ਮੋਟਰਾਂ ਦੀਆਂ ਤਾਰਾਂ ਅਤੇ ਸਟਾਰਟਰ ਚੋਰੀ ਦਾ- ਪਿੰਡ ਫੱਲ੍ਹੜ ਦੇ ਇਕ ਵਿਅਕਤੀ ਸਮੇਤ ਕੁਝ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ
ਅਜੀਤ ਡੈਸਕ
20-07-2026