ਡੱਬਵਾਲੀ, 19 ਜੁਲਾਈ (ਇਕਬਾਲ ਸਿੰਘ ਸ਼ਾਂਤ)- ਭਿਆਨਕ ਗਰਮੀ ਦੌਰਾਨ ਡੱਬਵਾਲੀ ਸ਼ਹਿਰ ਅਤੇ ਪੇਂਡੂ ਖੇਤਰ ਅਣਐਲਾਨੇ ਬਿਜਲੀ ਕੱਟਾਂ ਕਾਰਨ ਪ੍ਰੇਸ਼ਾਨ ਹਨ। ਸ਼ਹਿਰ ਵਿੱਚ ਦਿਨ-ਰਾਤ ਲੱਗ ਰਹੇ ਲੰਬੇ ਕੱਟਾਂ ਨੇ ਜਨਜੀਵਨ ਪ੍ਰਭਾਵਿਤ ਕਰ ਦਿੱਤਾ ਹੈ, ਜਦਕਿ ਚੌਟਾਲਾ, ਆਸਾਖੇੜਾ, ਭਾਰੂਖੇੜਾ, ਤੇਜਾਖੇੜਾ ਅਤੇ ਅਬੁੱਬਸ਼ਹਿਰ ਸਮੇਤ ਕਈ ਪਿੰਡਾਂ ਵਿੱਚ ਬਿਜਲੀ ਸੰਕਟ ਨਾਲ ਦੂਸ਼ਿਤ ਪੀਣ ਵਾਲੇ ਪਾਣੀ ਨੂੰ ਲੈ ਕੇ ਵੀ ਲੋਕਾਂ ਵਿੱਚ ਭਾਰੀ ਰੋਸ ਹੈ। ਇਨ੍ਹਾਂ ਮੰਗਾਂ ਨੂੰ ਲੈ ਕੇ ਪੇਂਡੂ 20 ਜੁਲਾਈ ਨੂੰ ਪੰਚਾਇਤ ਘਰ, ਚੌਟਾਲਾ ਤੋਂ ਪੈਦਲ ਮਾਰਚ ਕਰਕੇ ਚੌਟਾਲਾ ਬਿਜਲੀਘਰ ਅੱਗੇ ਪ੍ਰਦਰਸ਼ਨ ਕਰਨਗੇ।ਸ਼ਹਿਰ ਵਾਸੀਆਂ ਦਾ ਦੋਸ਼ ਹੈ ਕਿ ਲਗਾਤਾਰ ਬਿਜਲੀ ਕੱਟਾਂ ਕਾਰਨ ਰਾਤਾਂ ਦੀ ਨੀਂਦ ਉੱਡ ਗਈ ਹੈ ਅਤੇ ਸ਼ਿਕਾਇਤਾਂ ਦੇ ਬਾਵਜੂਦ ਬਿਜਲੀ ਸਪਲਾਈ ਵਿੱਚ ਸੁਧਾਰ ਨਹੀਂ ਹੋ ਰਿਹਾ। ਖਪਤਕਾਰਾਂ ਦਾ ਦੋਸ਼ ਹੈ ਕਿ ਸ਼ਿਕਾਇਤ ਸਮੇਂ ਬਿਜਲੀ ਨਿਗਮ ਦੇ ਅਧਿਕਾਰੀਆਂ ਅਤੇ ਸ਼ਿਕਾਇਤ ਕੇਂਦਰਾਂ ਦੇ ਫ਼ੋਨ ਅਕਸਰ ਰੁੱਝੇ ਰਹਿੰਦੇ ਹਨ ਜਾਂ ਕਾਲ ਨਹੀਂ ਚੁੱਕੀ ਜਾਂਦੀ।ਚੌਟਾਲਾ ਕੇ ਕਿਸਾਨ ਆਗੂ ਰਾਕੇਸ਼ ਫਗੋੜੀਆ ਨੇ ਕਿਹਾ ਕਿ ਟਿਊਬਵੈਲਾਂ ਨੂੰ ਅੱਠ ਘੰਟੇ ਬਿਜਲੀ ਦੇਣ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਚਾਰ ਘੰਟੇ ਵੀ ਸਪਲਾਈ ਨਹੀਂ ਮਿਲਦੀ। ਨਹਿਰੀ ਪਾਣੀ ਨਾ ਹੋਣ ਕਾਰਨ ਝੋਨੇ ਸਮੇਤ ਹੋਰ ਫ਼ਸਲਾਂ ਪ੍ਰਭਾਵਿਤ ਹੋ ਰਹੀਆਂ ਹਨ।ਉਨ੍ਹਾਂ ਦੱਸਿਆ ਕਿ ਚੌਟਾਲਾ ਵਿੱਚ ਪੀਣ ਲਈ ਨਲਕੂਪਾਂ ਦਾ ਦੂਸ਼ਿਤ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ, ਜਿਸ ਨਾਲ ਲੋਕ ਬਿਮਾਰ ਹੋ ਰਹੇ ਹਨ। ਪੇਂਡੂਆਂ ਨੇ ਨਿਰਵਿਘਨ ਬਿਜਲੀ ਸਪਲਾਈ ਅਤੇ ਸਾਫ਼ ਪੀਣ ਵਾਲੇ ਪਾਣੀ ਦੀ ਮੰਗ ਕੀਤੀ ਹੈ।ਬਿਜਲੀ ਨਿਗਮ ਦੇ ਐੱਸਡੀਓ ਪ੍ਰਦੀਪ ਬਾਨਾ ਨੇ ਕਿਹਾ ਕਿ ਮੀਂਹ ਨਾ ਹੋਣ ਅਤੇ ਭਿਆਨਕ ਗਰਮੀ ਕਾਰਨ ਬਿਜਲੀ ਸੰਕਟ ਬਣਿਆ ਹੋਇਆ ਹੈ। ਅਣ ਐਲਾਨੇ ਬਿਜਲੀ ਕੱਟ ਮੁੱਖ ਦਫ਼ਤਰ ਪੱਧਰ ਤੋਂ ਲੱਗ ਰਹੇ ਹਨ।
ਡੱਬਵਾਲੀ : ਸ਼ਹਿਰ ਤੋਂ ਪਿੰਡਾਂ ਤੱਕ ਬਿਜਲੀ ਸੰਕਟ ਡੂੰਘਾ ਹੋਇਆ, ਚੌਟਾਲਾ ਬਿਜਲੀ ਘਰ ‘ਚ ਅੱਜ ਪ੍ਰਦਰਸ਼ਨ
ਅਜੀਤ ਡੈਸਕ
20-07-2026