ਤਲਵੰਡੀ ਸਾਬੋ, 28 ਜੁਲਾਈ (ਰਣਜੀਤ ਸਿੰਘ ਰਾਜੂ)- ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ (96 ਕ੍ਰੋੜੀ) ਦੇ ਗਿਆਰ੍ਹਵੇਂ ਜਥੇਦਾਰ ਸੱਚਖੰਡ ਵਾਸੀ ਬਾਬਾ ਸਾਹਿਬ ਸਿੰਘ ਕਲ੍ਹਾਧਾਰੀ ਦੀ 84ਵੀਂ ਬਰਸੀ ਸਬੰਧੀ ਤਿੰਨ ਰੋਜ਼ਾ ਧਾਰਮਿਕ ਸਮਾਗਮ ਅੱਜ ਬੁੱਢਾ ਦਲ ਦੇ ਮੁੱਖ ਅਸਥਾਨ ਗੁ: ਬੇਰ ਸਾਹਿਬ ਦੇਗਸਰ ਸਾਹਿਬ ਛਾਉਣੀ ਨਿਹੰਗ ਸਿੰਘਾਂ ਵਿਖੇ ਬੁੱਢਾ ਦਲ ਮੁਖੀ ਸ਼੍ਰੋਮਣੀ ਪੰਥ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਦੀ ਅਗਵਾਈ ਹੇਠ ਸ੍ਰੀ ਆਖੰਡ ਪਾਠ ਸਾਹਿਬ ਦੀ ਆਰੰਭਤਾ ਦੇ ਨਾਲ ਰਸਮੀ ਤੌਰ ‘ਤੇ ਸ਼ੁਰੂ ਹੋ ਗਏ।ਅੱਜ ਆਖੰਡ ਪਾਠਾਂ ਦੀ ਆਰੰਭਤਾ ਮੌਕੇ ਪਹਿਲਾਂ ਬੁੱਢਾ ਦਲ ਦੇ ਹੈੱਡ ਗ੍ਰੰਥੀ ਗਿਆਨੀ ਮੱਘਰ ਸਿੰਘ ਨੇ ਸੰਗਤਾਂ ਨੂੰ ਸ਼ਬਦ ਕੀਰਤਨ ਰਾਹੀਂ ਨਿਹਾਲ ਕੀਤਾ। ਆਰੰਭਤਾ ਦੀ ਅਰਦਾਸ ਲਿਖਾਰੀ ਭਾਈ ਮਾਨ ਸਿੰਘ ਵਲੋਂ ਕੀਤੀ ਗਈ। ਆਰੰਭਤਾ ਸਮਾਗਮਾਂ ‘ਚ ਸ਼ਮੂਲੀਅਤ ਕਰ ਰਹੇ ਬੁੱਢਾ ਦਲ ਮੁਖੀ ਸ਼੍ਰੋਮਣੀ ਪੰਥ ਰਤਨ ਜਥੇਦਾਰ ਬਾਬਾ ਬਲਬੀਰ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਿੱਖੀ ਪ੍ਰਚਾਰ ਪ੍ਰਸਾਰ ‘ਚ ਸੱਚਖੰਡਵਾਸੀ ਬਾਬਾ ਸਾਹਿਬ ਸਿੰਘ ਕਲ੍ਹਾਧਾਰੀ ਵਲੋਂ ਪਾਏ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਬਾਬਾ ਬਲਬੀਰ ਸਿੰਘ ਨੇ ਦੱਸਿਆ ਕਿ ਮੁੱਖ ਸਮਾਗਮ ਗੁ: ਬੇਰ ਸਾਹਿਬ ਵਿਖੇ 30 ਜੁਲਾਈ ਨੂੰ ਹੋਣਗੇ, ਜਿਨ੍ਹਾਂ ਵਿਚ ਪੰਥ ਪ੍ਰਸਿੱਧ ਰਾਗੀ ਜਥੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ, ਜਦੋਂਕਿ ਕਥਾ ਵਾਚਕ ਕਥਾ ਵੀਚਾਰਾਂ ਰਾਹੀਂ ਅਤੇ ਢਾਡੀ ਜਥੇ ਵੀਰ ਰਸ ਵਾਰਾਂ ਰਾਹੀਂ ਸੰਗਤਾਂ ਨੂੰ ਗੁਰਇਤਿਹਾਸ ਨਾਲ ਜੋੜਨਗੇ। ਮੁੱਖ ਸਮਾਗਮਾਂ ‘ਚ ਤਖਤ ਸਾਹਿਬਾਨ ਦੇ ਜਥੇਦਾਰ, ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ, ਸੰਤ ਮਹਾਂਪੁਰਸ਼ ਅਤੇ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਸਾਹਿਬਾਨ ਵੀ ਸ਼ਮੂਲੀਅਤ ਕਰਨਗੇ। ਗੁਰੂ ਕੀਆਂ ਲਾਡਲੀਆਂ ਨਿਹੰਗ ਸਿੰਘ ਫ਼ੌਜਾਂ ਦੇ ਲਾਇਸੰਸ ਨਵੇਂ ਬਣਾਏ ਜਾਣਗੇ ਤੇ ਰਿਨੀਊ ਕੀਤੇ ਜਾਣਗੇ। ਪੰਜ ਪਿਆਰਿਆਂ ਦੀ ਅਗਵਾਈ ਹੇਠ ਅੰਮ੍ਰਿਤ ਸੰਚਾਰ ਵੀ ਕਰਵਾਇਆ ਜਾਵੇਗਾ।ਆਰੰਭਤਾ ਸਮਾਗਮਾਂ ਵਿਚ ਬਾਬਾ ਜੱਸਾ ਸਿੰਘ, ਬਾਬਾ ਮੇਜਰ ਸਿੰਘ ਮੁਖ਼ਤਿਆਰ ਏ ਆਮ, ਬਾਬਾ ਬਲਦੇਵ ਸਿੰਘ ਢੋਡੀਵਿੰਡੀਆ, ਬਾਬਾ ਰਣਯੋਧ ਸਿੰਘ, ਬਾਬਾ ਹਰਪ੍ਰੀਤ ਸਿੰਘ ਹੈਪੀ, ਬਾਬਾ ਦਲੇਰ ਸਿੰਘ, ਬਾਬਾ ਜੋਗਾ ਸਿੰਘ ਹਨੂੰਮਾਨਗੜ੍ਹ, ਭਾਈ ਵਿਸ਼ਵ ਪ੍ਰਤਾਪ ਸਿੰਘ ਸਮਾਣਾ, ਭਾਈ ਚਰਨ ਸਿੰਘ ਫ਼ਤਿਹਗੜ੍ਹ ਸਾਹਿਬ, ਬਾਬਾ ਪਰਮਜੀਤ ਸਿੰਘ ਮਹਾਂਕਾਲ, ਬਾਬਾ ਗੁਰਸ਼ੇਰ ਸਿੰਘ, ਬਾਬਾ ਪਿਆਰਾ ਸਿੰਘ, ਭਾਈ ਸੁਖਮੰਦਰ ਸਿੰਘ ਤੋਂ ਇਲਾਵਾ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਭਾਈ ਸੁਰਿੰਦਰ ਸਿੰਘ ਕਿਸ਼ਨਪੁਰਾ ਪਹੁੰਚੇ ਹੋਏ ਸਨ।
ਬਾਬਾ ਸਾਹਿਬ ਸਿੰਘ ਕਲਾਧਾਰੀ ਦੇ ਤਿੰਨ ਰੋਜ਼ਾ ਬਰਸੀ ਸਮਾਗਮ ਬੁੱਢਾ ਦਲ ਮੁੱਖ ਅਸਥਾਨ ਗੁ: ਬੇਰ ਸਾਹਿਬ ਵਿਖੇ ਆਰੰਭ
ਅਜੀਤ ਡੈਸਕ
28-07-2026