ਤਲਵੰਡੀ ਸਾਬੋ, 31 ਜੁਲਾਈ (ਰਣਜੀਤ ਸਿੰਘ ਰਾਜੂ)-ਪਿੰਡਾਂ ਦੇ ਆਮ ਪਰਿਵਾਰਾਂ ਨਾਲ ਸਬੰਧਤ ਨੌਜਵਾਨਾਂ ਨੂੰ ਸਕਿੱਲ ਡਿਵੈਲਪਮੈਂਟ ਦੀ ਸਿਖਲਾਈ ਦੇ ਕੇ ਰੋਜ਼ਗਾਰਯੋਗ ਬਣਾਉਣ ਲਈ ਐਚ. ਐਮ. ਈ. ਐਲ. ਦੇ ਯਤਨਾਂ ਤਹਿਤ ਐਚ.ਪੀ.ਸੀ.ਐਲ-ਮਿੱਤਲ ਐਨਰਜ਼ੀ ਲਿਮਿਟੇਡ ਗੁਰੂ ਗੋਬਿੰਦ ਸਿੰਘ ਰਿਫ਼ਾਇਨਰੀ ਵਲੋਂ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਤਲਵੰਡੀ ਸਾਬੋ ਵਿਖੇ ਚਲਾਏ ਜਾ ਰਹੇ ਸਕਿੱਲ ਡਿਵੈਲਪਮੈਂਟ ਕੇਂਦਰ ਰਾਹੀਂ 480 ਨੌਜਵਾਨਾਂ ਨੂੰ ਹੁਨਰਮੰਦ ਬਣਾ ਕੇ ਆਤਮ ਨਿਰਭਰ ਕੀਤਾ ਗਿਐ। ਪ੍ਰੈੱਸ ਬਿਆਨ ਮੁਤਾਬਿਕ ਤਲਵੰਡੀ ਸਾਬੋ ਵਿਖੇ ਐਨਐਸਡੀਸੀ ਅਧੀਨ ਚੱਲ ਰਹੇ ਜਾਰਜ ਟੈਲੀਗ੍ਰਾਫ਼ ਟਰੇਨਿੰਗ ਇੰਸਟੀਚਿਊਟ ਵਿਚ ਇਕ ਸ਼ਾਨਦਾਰ ਸਮਾਗਮ ਦੌਰਾਨ ਕਰੀਬ 100 ਸਿੱਖਿਆਰਥੀਆਂ ਨੂੰ ਪ੍ਰਮਾਣ ਪੱਤਰ (ਸਰਟੀਫਿਕੇਟ) ਪ੍ਰਦਾਨ ਕੀਤੇ ਗਏ। ਸਮਾਗਮ ਦੌਰਾਨ ਐਚ. ਐਮ. ਈ. ਐਲ. ਵਲੋਂ ਵਿਸ਼ਵਮੋਹਨ ਪ੍ਰਸਾਦ ਡੀ. ਜੀ. ਐੱਮ. (ਸੀਐੱਸਆਰ) ਅਤੇ ਉਨ੍ਹਾਂ ਦੀ ਟੀਮ, ਜਾਰਜ ਟੈਲੀਗ੍ਰਾਫ ਵਲੋਂ ਮੌਮਿਤਾ ਘੋਸ਼ ਏ.ਵੀ.ਪੀ – ਸੀ.ਐੱਸ.ਆਰ ਅਤੇ ਗਵਰਨਮੈਂਟ ਪ੍ਰੋਜੈਕਟਸ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਸਿਖਲਾਈ ਪੂਰੀ ਕਰਨ ਵਾਲੇ ਨੌਜਵਾਨਾਂ ਦਾ ਹੌਂਸਲਾ ਵਧਾਉਦਿਆਂ ਵਿਸ਼ਵਮੋਹਨ ਪ੍ਰਸਾਦ ਨੇ ਕਿਹਾ ਕਿ ਅੱਜ ਦਾ ਯੁੱਗ ਹੁਨਰ ਦਾ ਯੁੱਗ ਹੈ। ਜੇਕਰ ਕਿਸੇ ਨੌਜਵਾਨ ਕੋਲ ਸਿੱਖਿਆ ਦੇ ਨਾਲ-ਨਾਲ ਵਿਹਾਰਕ ਹੁਨਰ ਵੀ ਹੋਵੇ ਤਾਂ ਉਸ ਲਈ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੋਵਾਂ ਦੇ ਰਸਤੇ ਖੁੱਲ੍ਹ ਜਾਂਦੇ ਹਨ। ਪ੍ਰਬੰਧਕਾਂ ਮੁਤਾਬਿਕ ਇਸ ਸਕਿੱਲ ਡਿਵੈਲਪਮੈਂਟ ਪ੍ਰੋਗਰਾਮ ਤਹਿਤ ਅਕਾਊਂਟਸ ਅਸਿਸਟੈਂਟ ਟਰੇਡ ਵਿਚ 180 ਨੌਜਵਾਨਾਂ ਨੂੰ ਸਿਖਲਾਈ ਦਿੱਤੀ ਗਈ, ਜਿਨ੍ਹਾਂ ਵਿਚੋਂ 116 ਨੌਜਵਾਨਾਂ ਨੂੰ ਰੋਜ਼ਗਾਰ ਮਿਲ ਚੁੱਕੈ। ਇਸੇ ਤਰ੍ਹਾਂ ਬੈਂਕ ਐਸ਼ੋਰੈਂਸ ਰਿਲੇਸ਼ਨਸ਼ਿਪ ਐਸੋਸੀਏਟ ਟਰੇਡ ਵਿਚ ਸਿਖਲਾਈ ਲੈਣ ਵਾਲੇ 300 ਨੌਜਵਾਨਾਂ ਵਿੱਚੋਂ 225 ਨੂੰ ਰੋਜ਼ਗਾਰ ਮਿਲਿਆ,ਕਰੀਬ 100 ਨੌਜਵਾਨਾਂ ਨੂੰ ਆਈਲੈਟਸ ਦੀ ਕੋਚਿੰਗ ਵੀ ਦਿੱਤੀ ਗਈ।ਜਗਦੀਪ ਸਿੰਘ ਤੇ ਮਨਪ੍ਰੀਤ ਕੌਰ ਮੁਤਾਬਿਕ ਕੇਂਦਰ ਦੇ ਕੋਰਸ ਸਦਕਾ ਰੋਜ਼ਗਾਰ ਪ੍ਰਾਪਤ ਕਰਕੇ ਉਹ ਪਰਿਵਾਰ ਚਲਾਉਣ ’ਚ ਸਹਾਇਤਾ ਕਰ ਰਹੇ ਹਨ। ਅੰਤ ਵਿਚ ਸਾਰੇ ਭਾਗੀਦਾਰਾਂ ਨੂੰ ਸਰਟੀਫਿਕੇਟ ਵੰਡੇ ਗਏ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਹਾਜ਼ਰ ਮਾਪਿਆਂ ਅਤੇ ਸਥਾਨਕ ਨਾਗਰਿਕਾਂ ਨੇ ਪੇਂਡੂ ਨੌਜਵਾਨਾਂ ਲਈ ਐੱਚ.ਅੱੈਮ.ਈ.ਐੱਲ ਦੀ ਇਸ ਪਹਿਲ ਦੀ ਭਰਪੂਰ ਸ਼ਲਾਘਾ ਕੀਤੀ।