ਸਕਿੱਲਜ਼ ਪ੍ਰੀਖਿਆ ‘ਚ ਭਾਗ ਲੈਂਦੀ ਇਕ ਵਿਦਿਆਰਥਣ।
ਅਕਾਲ ਯੂਨੀਵਰਸਿਟੀ ਵਿਖੇ ਭੌਤਿਕ ਵਿਗਿਆਨ ਵਿਭਾਗ ਨੇ ‘ਸਰਟੀਫਿਕੇਟ ਆਫ਼ ਐਕਸਪੈਰੀਮੈਂਟਲ ਸਕਿੱਲਜ਼’ ਪ੍ਰੀਖਿਆ ਕਰਵਾਈ
ਤਲਵੰਡੀ ਸਾਬੋ , 9 ਅਗਸਤ ( ਰਣਜੀਤ ਸਿੰਘ ਰਾਜੂ )- ਅਕਾਲ ਯੂਨੀਵਰਸਿਟੀ , ਤਲਵੰਡੀ ਸਾਬੋ ਦੇ ਭੌਤਿਕ ਵਿਗਿਆਨ ਵਿਭਾਗ ਦੁਆਰਾ ਅੱਜ ‘ ਸਰਟੀਫਿਕੇਟ ਆਫ਼ ਐਕਸਪੈਰੀਮੈਂਟਲ ਸਕਿੱਲਜ਼ ’ ( ਸੀ . ਈ .
ਤਲਵੰਡੀ ਸਾਬੋ , 9 ਅਗਸਤ ( ਰਣਜੀਤ ਸਿੰਘ ਰਾਜੂ )- ਅਕਾਲ ਯੂਨੀਵਰਸਿਟੀ , ਤਲਵੰਡੀ ਸਾਬੋ ਦੇ ਭੌਤਿਕ ਵਿਗਿਆਨ ਵਿਭਾਗ ਦੁਆਰਾ ਅੱਜ ‘ ਸਰਟੀਫਿਕੇਟ ਆਫ਼ ਐਕਸਪੈਰੀਮੈਂਟਲ ਸਕਿੱਲਜ਼ ’ ( ਸੀ . ਈ . ਐੱਸ ) ਪ੍ਰੀਖਿਆ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ । ਇਹ ਪ੍ਰੀਖਿਆ ਭਾਰਤ ਸਰਕਾਰ ਦੇ ਸੱਭਿਆਚਾਰਕ ਮੰਤਰਾਲੇ ਅਧੀਨ ਆਉਂਦੇ ਨਹਿਰੂ ਸਾਇੰਸ ਸੈਂਟਰ ਅਤੇ ਬੰਬੇ ਐਸੋਸੀਏਸ਼ਨ ਫ਼ਾਰ ਸਾਇੰਸ ਐਜੂਕੇਸ਼ਨ ਦੇ ਸਾਂਝੇ ਯਤਨਾਂ ਨਾਲ ਚਲਾਈ ਜਾ ਰਹੀ ਇੱਕ ਰਾਸ਼ਟਰੀ ਪੱਧਰ ਦੀ ਸਿਖਲਾਈ ਪਹਿਲਕਦਮੀ ਦਾ ਹਿੱਸਾ ਹੈ । ਪ੍ਰੋਗਰਾਮ ਦੀ ਸ਼ੁਰੂਆਤ ਰਸਮੀ ਉਦਘਾਟਨ ਨਾਲ ਹੋਈ , ਜਿਸ ਉਪਰੰਤ ਵਿਭਾਗ ਦੇ ਮੁਖੀ ਡਾ . ਸੁਸ਼ੀਲ ਕੁਮਾਰ ਨੇ ਪ੍ਰੀਖਿਆ ਵਿਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਪ੍ਰੋਗਰਾਮ ਦੀ ਰੂਪ - ਰੇਖਾ ਤੋਂ ਜਾਣੂ ਕਰਵਾਇਆ । ਆਪਣੇ ਸੰਬੋਧਨ ਦੌਰਾਨ ਡਾ . ਸੁਸ਼ੀਲ ਕੁਮਾਰ ਨੇ ਇਸ ਪ੍ਰੀਖਿਆ ਦੇ ਉਦੇਸ਼ਾਂ , ਪ੍ਰਕਿਰਿਆ ਅਤੇ ਮੁਲਾਂਕਣ ਦੇ ਤਿੰਨਾਂ ਪੱਧਰਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ । ਉਨ੍ਹਾਂ ਨੇ ਇਸ ਪਹਿਲਕਦਮੀ ਨੂੰ ਰਾਸ਼ਟਰੀ ਸਿੱਖਿਆ ਨੀਤੀ 2020 ਨਾਲ ਜੋੜਦਿਆਂ ਵਿਦਿਆਰਥੀਆਂ ਦੇ ਭਵਿੱਖ ਲਈ ਇਸ ਦੀ ਵਿਸ਼ੇਸ਼ ਮਹੱਤਤਾ ‘ ਤੇ ਜ਼ੋਰ ਦਿੱਤਾ ਅਤੇ ਉਨ੍ਹਾਂ ਨੂੰ ਅਜਿਹੇ ਪ੍ਰਯੋਗਾਤਮਿਕ ਪ੍ਰੋਗਰਾਮਾਂ ਵਿਚ ਵਧ - ਚੜ੍ਹ ਕੇ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ । ਪ੍ਰੀਖਿਆ ਵਿਚ ਵੱਖ - ਵੱਖ ਸਕੂਲਾਂ ਦੇ 14 ਵਿਦਿਆਰਥੀਆਂ ਨੇ ਭਾਗ ਲਿਆ , ਜਿਨ੍ਹਾਂ ਵਿਚੋਂ ਹਰੇਕ ਪ੍ਰਤੀਯੋਗੀ ਨੂੰ ਵੱਖ - ਵੱਖ ਸਟੇਸ਼ਨ ਅਲਾਟ ਕਰਕੇ ਦੋ - ਦੋ ਪ੍ਰਯੋਗ ਕਰਨ ਲਈ ਦਿੱਤੇ ਗਏ । ਤਜਰਬੇਕਾਰ ਨਿਰੀਖਕਾਂ ਦੀ ਦੇਖ - ਰੇਖ ਹੇਠ ਹੋਈ ਇਸ ਪ੍ਰੀਖਿਆ ਦੌਰਾਨ ਉਪਕਰਨਾਂ ਦੀ ਵਰਤੋਂ ਤੇ ਸੰਭਾਲ , ਮਾਪਾਂ ਦੀ ਸ਼ੁੱਧਤਾ ਅਤੇ ਪ੍ਰਯੋਗ ਪ੍ਰਕਿਰਿਆ ਦੀ ਨੈਤਿਕਤਾ ਨੂੰ ਮੁਲਾਂਕਣ ਦਾ ਮੁੱਖ ਆਧਾਰ ਮੰਨਿਆ ਗਿਆ । ਪ੍ਰੀਖਿਆ ਦੇ ਐਲਾਨੇ ਗਏ ਨਤੀਜੇ ਅਨੁਸਾਰ ਅਕਾਲ ਅਕੈਡਮੀ ਭਾਈ ਦੇਸਾ ਦੀ ਵਿਦਿਆਰਥਣ ਖ਼ੁਸਮਨਪ੍ਰੀਤ ਕੌਰ ਨੇ ਪ੍ਰੀਖਿਆ ਨੂੰ ਸਫਲਤਾਪੂਰਵਕ ਪਾਸ ਕੀਤਾ । ਪ੍ਰੀਖਿਆ ਦੇ ਅੰਤ ਵਿਚ ਵਿਦਿਆਰਥੀਆਂ ਅਤੇ ਪ੍ਰਯੋਗਸ਼ਾਲਾ ਨਿਰੀਖਕਾਂ ਵਿਚਕਾਰ ਇੱਕ ਵਿਸ਼ੇਸ਼ ਸੰਵਾਦ ਸੈਸ਼ਨ ਵੀ ਕਰਵਾਇਆ ਗਿਆ , ਜਿਸ ਵਿਚ ਵਿਦਿਆਰਥੀਆਂ ਦੇ ਸ਼ੰਕਿਆਂ ਤੇ ਸਵਾਲਾਂ ਦੇ ਤੁਰੰਤ ਜਵਾਬ ਦੇ ਕੇ ਉਨ੍ਹਾਂ ਨੂੰ ਭਵਿੱਖ ਦੀਆਂ ਹੋਰਨਾਂ ਰਾਸ਼ਟਰੀ ਪੱਧਰ ਦੀਆਂ ਪ੍ਰੀਖਿਆਵਾਂ ਲਈ ਤਿਆਰ ਕੀਤਾ ਗਿਆ ।