ਫ਼ਤਹਿ ਕਾਲਜ ਵਿਖੇ ਪੰਜਾਬੀ ਯੂਨੀਵਰਸਿਟੀ ਦੇ ਖੇਤਰੀ ਯੁਵਕ ਤੇ ਲੋਕ ਮੇਲੇ ਦਾ ਧਮਾਕੇਦਾਰ ਆਗਾਜ਼
ਰਾਮਪੁਰਾ ਫੂਲ, 3 ਅਕਤੂਬਰ (ਹੇਮੰਤ ਕੁਮਾਰ ਸ਼ਰਮਾ)- ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਬਠਿੰਡਾ-ਫ਼ਰੀਦਕੋਟ ਜ਼ੋਨਲ ਯੁਵਕ ਤੇ ਲੋਕ ਮੇਲੇ ਦਾ ਸ਼ਾਨਦਾਰ ਆਗਾਜ਼ ਫ਼ਤਹਿ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਰਾਮਪੁਰਾ ਫੂਲ ਵਿਖੇ ਪੂਰੇ ਜਾਹੋ-ਜਲਾਲ ਨਾਲ ਹੋਇਆ। ਚਾਰ ਰੋਜ਼ਾ ਇਸ ਸੱਭਿਆਚਾਰਕ ਮਹਾਂਕੁੰਭ ਦੇ ਪਹਿਲੇ ਦਿਨ ਵੱਖ-ਵੱਖ ਕਾਲਜਾਂ ਤੋਂ ਪੁੱਜੇ ਵਿਦਿਆਰਥੀਆਂ, ਟੀਮ ਇੰਚਾਰਜਾਂ, ਅਧਿਆਪਕਾਂ ਅਤੇ ਪ੍ਰਿੰਸੀਪਲ ਸਾਹਿਬਾਨ ਨੇ ਸ਼ਿਰਕਤ ਕੀਤੀ।
ਰਾਮਪੁਰਾ ਫੂਲ, 3 ਅਕਤੂਬਰ (ਹੇਮੰਤ ਕੁਮਾਰ ਸ਼ਰਮਾ)- ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਬਠਿੰਡਾ-ਫ਼ਰੀਦਕੋਟ ਜ਼ੋਨਲ ਯੁਵਕ ਤੇ ਲੋਕ ਮੇਲੇ ਦਾ ਸ਼ਾਨਦਾਰ ਆਗਾਜ਼ ਫ਼ਤਹਿ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਰਾਮਪੁਰਾ ਫੂਲ ਵਿਖੇ ਪੂਰੇ ਜਾਹੋ-ਜਲਾਲ ਨਾਲ ਹੋਇਆ। ਚਾਰ ਰੋਜ਼ਾ ਇਸ ਸੱਭਿਆਚਾਰਕ ਮਹਾਂਕੁੰਭ ਦੇ ਪਹਿਲੇ ਦਿਨ ਵੱਖ-ਵੱਖ ਕਾਲਜਾਂ ਤੋਂ ਪੁੱਜੇ ਵਿਦਿਆਰਥੀਆਂ, ਟੀਮ ਇੰਚਾਰਜਾਂ, ਅਧਿਆਪਕਾਂ ਅਤੇ ਪ੍ਰਿੰਸੀਪਲ ਸਾਹਿਬਾਨ ਨੇ ਸ਼ਿਰਕਤ ਕੀਤੀ। ਉਦਘਾਟਨੀ ਸਮਾਰੋਹ ਵਿਚ ਐੱਸ.ਡੀ.ਐੱਮ. ਨਿਹਾਲ ਸਿੰਘ ਵਾਲਾ ਗਗਨਦੀਪ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਚੇਅਰਮੈਨ ਐਸ.ਐਸ.ਚੱਠਾ, ਪੰਜਾਬੀ ਯੂਨੀਵਰਸਿਟੀ ਦੇ ਡਾਇਰੈਕਟਰ ਯੁਵਕ ਭਲਾਈ ਵਿਭਾਗ ਡਾ. ਭੀਮ ਇੰਦਰ ਸਿੰਘ, ਡੈਨੀ ਸ਼ਰਮਾ, ਪ੍ਰੋ ਹਰਿੰਦਰ ਹੁੰਦਲ, ਐਮ.ਡੀ. ਮਨਜੀਤ ਕੌਰ ਚੱਠਾ, ਸੀਨੀਅਰ ਆਗੂ ਸਰਵਨ ਸਿੰਘ ਚੱਠਾ, ਗੁਰਪ੍ਰੀਤ ਸਿੰਘ ਲਹਿਰਾ ਧੂਰਕੋਟ, ਡੀਨ ਅਕਾਦਮਿਕ ਡਾ. ਜਗਵਿੰਦਰ ਸਿੰਘ ਸਿੱਧੂ, ਪ੍ਰਿੰਸੀਪਲ ਬਘੇਲ ਸਿੰਘ ਅਤੇ ਸਹਾਇਕ ਡਾਇਰੈਕਟਰ ਹਰਪ੍ਰੀਤ ਹੈਪੀ ਸਮੇਤ ਹੋਰ ਪਤਵੰਤੇ ਹਾਜ਼ਰ ਸਨ। ਪਤਵੰਤਿਆਂ ਵਲੋਂ ਸ਼ਮ੍ਹਾ ਰੌਸ਼ਨ ਕਰਕੇ ਮੇਲੇ ਦੀ ਰਸਮੀ ਸ਼ੁਰੂਆਤ ਕੀਤੀ ਗਈ। ਮੇਲੇ ਦੇ ਪਹਿਲੇ ਦਿਨ ਚਾਰ ਵੱਖ-ਵੱਖ ਸਟੇਜਾਂ ‘ਤੇ ਕਲਾਤਮਕ, ਸੰਗੀਤਕ, ਬੌਧਿਕ ਅਤੇ ਵਿਰਾਸਤੀ ਮੁਕਾਬਲੇ ਕਰਵਾਏ ਗਏ। ਭੰਗੜੇ ਦੀ ਜੋਸ਼ੀਲੀ ਪੇਸ਼ਕਾਰੀ ਨਾਲ ਮਾਈਮ ਅਤੇ ਸਮਾਜਿਕ ਕੁਰੀਤੀਆਂ ‘ਤੇ ਆਧਾਰਿਤ ਸਕਿੱਟਾਂ ਰਾਹੀਂ ਵਿਦਿਆਰਥੀਆਂ ਨੇ ਸਮਾਜ ਨੂੰ ਸਾਰਥਿਕ ਸੁਨੇਹੇ ਦਿੱਤੇ। ਸੁਰਾਂ ਦੀ ਸਟੇਜ ‘ਤੇ ਗੂੰਜੇ ਸ਼ਬਦ, ਸ਼ਾਸਤਰੀ ਤੇ ਸੁਗਮ ਸੰਗੀਤ, ਸੰਗੀਤਕ ਮੁਕਾਬਲਿਆਂ ਦੌਰਾਨ ਸਮੂਹ ਸ਼ਬਦ/ਭਜਨ ਗਾਇਨ ਨਾਲ ਰੂਹਾਨੀ ਮਾਹੌਲ ਸਿਰਜਿਆ ਗਿਆ। ਕਲਾਸੀਕਲ ਵੋਕਲ, ਸੁਗਮ ਸੰਗੀਤ, ਗ਼ਜ਼ਲ ਅਤੇ ਭਾਰਤੀ ਸਮੂਹ ਗਾਇਨ ਦੇ ਮੁਕਾਬਲਿਆਂ ਵਿਚ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਕੁਇਜ਼ ਮੁਕਾਬਲਿਆਂ ਰਾਹੀਂ ਪਰਖੀ ਬੌਧਿਕ ਸਮਰੱਥਾ ਬੌਧਿਕ ਮੁਕਾਬਲਿਆਂ ਤਹਿਤ ਜਨਰਲ ਕੁਇਜ਼ ਅਤੇ ਪੰਜਾਬੀ ਲੋਕ-ਧਾਰਾ ਤੇ ਸੱਭਿਆਚਾਰਕ ਕੁਇਜ਼ ਦੇ ਲਿਖਤੀ ਅਤੇ ਫਾਈਨਲ ਦੌਰ ਕਰਵਾਏ ਗਏ। ਵਿਰਾਸਤੀ ਕਲਾਵਾਂ ਦੇ ਹਾਲ ਵਿਚ ਪੰਜਾਬ ਦੇ ਪੁਰਾਤਨ ਪੇਂਡੂ, ਕਰੋਸ਼ੀਏ ਦੀ ਬੁਣਤੀ, ਨਾਲਾ ਬੁਣਨਾ, ਕਢਾਈ, ਪੱਖੀ, ਗੁੱਡੀਆਂ-ਪਟੋਲੇ ਅਤੇ ਪਰਾਂਦਾ ਬਣਾਉਣ ਦੇ ਮੁਕਾਬਲੇ ਕਰਵਾਏ। ਇਸ ਮੌਕੇ ਪ੍ਰੋ. ਨਰਿੰਦਰਜੀਤ ਸਿੰਘ ਫ਼ਰੀਦਕੋਟ ਅਤੇ ਨੇਬਰਹੁੱਡ ਟੀ.ਪੀ.ਡੀ. ਕਾਲਜ ਦੇ ਪ੍ਰਿੰਸੀਪਲ ਬਲਜਿੰਦਰ ਸਿੰਘ ਨੇ ਵੀ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਪਹਿਲੇ ਦਿਨ ਵੱਖ-ਵੱਖ ਕਾਲਜਾਂ ਤੋਂ ਆਏ ਵਿਦਿਆਰਥੀਆਂ, ਅਧਿਆਪਕਾਂ ਅਤੇ ਦਰਸ਼ਕਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਪੂਰਾ ਕੈਂਪਸ ਪੰਜਾਬੀ ਸੱਭਿਆਚਾਰ, ਲੋਕ ਕਲਾਵਾਂ, ਸੰਗੀਤ ਅਤੇ ਨੌਜਵਾਨੀ ਦੇ ਜੋਸ਼ ਨਾਲ ਰੰਗਿਆ ਨਜ਼ਰ ਆਇਆ।