ਬਿਜਲੀ ਬੋਰਡ ਦੀਆਂ ਜ਼ਮੀਨਾਂ ਨੂੰ ਹਾਲਤ 'ਚ ਵੇਚਣ ਨਹੀਂ ਦਿੱਤਾ ਜਾਵੇਗਾ-ਆਗੂ
ਬਠਿੰਡਾ, 3 ਜਨਵਰੀ (ਅਵਤਾਰ ਸਿੰਘ ਕੈਂਥ)-ਪਾਵਰ ਸੈਕਟਰ ਜੁਆਇੰਟ ਐਕਸ਼ਨ ਕਮੇਟੀ ਅਤੇ ਇੰਪਲਾਈਜ ਇੰਜੀਨੀਅਰ ਅਤੇ ਪੈਨਸ਼ਨਰ ਪੱਛਮ ਜੋਨ ਬਠਿੰਡਾ ਦੀ ਮੀਟਿੰਗ ਰੈਸਟ ਹਾਊਸ ਵਿਖੇ ਹੋਈ | ਮੀਟਿੰਗ ਵਿਚ ਜੁਆਇੰਟ ਐਕਸ਼ਨ ਕਮੇਟੀ ਅਧੀਨ ਕੰਮ ਕਰਦੀਆਂ ਵੱਖ-ਵੱਖ ਜਥੇਬੰਦੀਆਂ ਦੀ ਲੀਡਰਸ਼ਿਪ ਨੇ ਸ਼ਮੂਲੀਅਤ ਕਰਦਿਆਂ ਪੰਜਾਬ ਸਰਕਾਰ ਵਲੋਂ ਬਿਜਲੀ ਬੋਰਡ ਦੀਆਂ ਜ਼ਮੀਨਾਂ ਵੇਚਣ ਖਿਲਾਫ਼ ਬਿਜਲੀ ਸੋਧ ਬਿੱਲ 2025 ਅਤੇ ਰੋਪੜ 800 ਮੈਗਾਵਟ ਦੇ 02 ਨੰਬਰ ਯੂਨਿਟ ਸੁਪਰਕਿ੍ਟੀਕਲ ਸਰਕਾਰੀ ਖੇਤਰ ਵਿਚ ਲਗਾਉਣ ਬਾਰੇ ਮੰਗ ਦਾ ਪਾਵਰਕਾਮ ਦੀ ਲੜੀ ਵਜੋਂ 6 ਜਨਵਰੀ ਨੂੰ ਪੱਛਮ ਜੋਨ ਬਠਿੰਡਾ ਵਿਖੇ ਦਿੱਤੇ ਜਾ ਰਹੇ ਵਿਸ਼ਾਲ ਧਰਨੇ ਦੀ ਰੂਪਰੇਖਾ ਤਿਆਰ ਕੀਤੀ | ਬੁਲਾਰਿਆਂ ਨੇ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ | ਪੰਜਾਬ ਸਰਕਾਰ ਵਲੋਂ ਪਹਿਲਾ ਥਰਮਲ ਪਲਾਟ ਬਠਿੰਡਾ ਨੂੰ ਬਿਨਾਂ ਕਿਸੇ ਕਾਰਨ ਤੋਂ ਬੰਦ ਕੀਤਾ ਗਿਆ ਹੁਣ ਥਰਮਲ ਕਲੋਨੀ ਦੀ 165 ਏਕੜ ਜ਼ਮੀਨ ਸਰਕਾਰ ਵਲੋਂ ਕਲੋਨੀ ਕੱਟਣ ਦੇ ਨਾਂਅ ਹੇਠ ਵੇਚੀ ਜਾ ਰਹੀ ਹੈ ਜਿਸ ਨੂੰ ਬਿਜਲੀ ਕਾਮੇ, ਇੰਜੀਨੀਅਰ ਤੇ ਪੈਨਸ਼ਨਰ ਬਰਾਦਸ਼ਤ ਨਹੀਂ ਕਰਨਗੇ | ਇਸ ਮੀਟਿੰਗ ਅੰਦਰ ਟੈਕਨੀਕਲ ਸਰਵਿਸ ਯੂਨੀਅਨ ਦੇ ਜਨਰਲ ਸਕੱਤਰ ਹਰਪ੍ਰੀਤ ਸਿੰਘ ਫ਼ਰੀਦਕੋਟ ਸ਼ਿੰਗਾਰ ਚੰਦ ਮਹੀਰੋਕ, ਸਰਿੰਦਰ ਧਾਰਾਂਗਵਾਲਾ ਸੂਬਾ ਕਮੇਟੀ ਮੈਂਬਰ, ਇੰਜੀਨੀਅਰ ਪੁਸ਼ਵਿੰਦਰ ਸਿੰਘ, ਇੰ: ਗੁਰਮੇਲ ਸਿੰਘ, ਜੇ ਈ ਕੌਂਸਲ ਕਰਮਜੀਤ ਸਿੱਧੂ, ਇਕਬਾਲ ਸਿੰਘ, ਹਰਜਸ ਸਿੰਘ ਇੰਪਲਾਈਜ਼ ਸੰਘਰਸ਼ ਯੂਨੀਅਨ ਇੰਜੀਨੀਅਰ, ਇੰਜ: ਹਰਿੰਦਰ ਸਿੰਘ ਚਹਿਲ, ਸਨੇਹਦੀਪ ਸਿੰਘ ਬਰਾੜ, ਇੰਜ: ਕੁਲਵਿੰਦਰ ਕੁਮਾਰ, ਇੰਜ: ਮੋਹਿਤ ਮਿੱਤਲ ਇੰਜਨੀਅਰ ਐਸੋਸੀਏਸ਼ਨ ਵਲੋਂ ਅਹੁੱਦੇਦਾਰਾਂ ਨੇ ਸ਼ਮੂਲੀਅਤ ਕੀਤੀ | ਆਗੂਆਂ ਨੇ ਵਿਸ਼ਵਾਸ਼ ਦਿਵਾਇਆ ਕਿ ਆਉਣ ਵਾਲੀ 6 ਜਨਵਰੀ ਨੂੰ ਜੋਨ ਪੱਧਰੀ ਧਰਨੇ ਨੂੰ ਕਾਮਯਾਬ ਕੀਤਾ ਜਾਵੇਗਾ ਅਤੇ ਆਉਣ ਵਾਲੇ ਸਮੇਂ 'ਚ ਬਿਜਲੀ ਬੋਰਡ ਦੀਆਂ ਜ਼ਮੀਨਾਂ ਨੂੰ ਕਿਸੇ ਵੀ ਕੀਮਤ ਦੇ ਵਿਚ ਵੇਚਣ ਨਹੀਂ ਦਿੱਤਾ ਜਾਵੇਗਾ | ਆਉਣ ਵਾਲੇ ਸਮੇਂ ਵਿਚ ਇਸ ਸੰਘਰਸ਼ ਨੂੰ ਤਿੱਖਾ ਕੀਤਾ ਜਾਵੇਗਾ |
ਪਾਵਰ ਸੈਕਟਰ ਜੁਆਇੰਟ ਐਕਸ਼ਨ ਕਮੇਟੀ ਅਤੇ ਇੰਪਲਾਈਜ਼ ਇੰਜੀਨੀਅਰ ਅਤੇ ਪੈਨਸ਼ਨਰ ਪੱਛਮ ਜ਼ੋਨ ਬਠਿੰਡਾ ਦੀ ਮੀਟਿੰਗ ਹੋਈ
ਅਜੀਤ ਡੈਸਕ
04-01-2026