ਮਹਿਮਾ ਸਰਜਾ, 3 ਜਨਵਰੀ (ਬਲਦੇਵ ਸੰਧੂ)-ਧੰਨ-ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਬਰੂਟਾ ਸਾਹਿਬ ਪਾਤਸ਼ਾਹੀ ਦੱਸਵੀਂ ਪਿੰਡ ਅਬਲੂ (ਕੋਟਲੀ) ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿਚ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਵਿਚ ਪਿੰਡ ਦੀਆਂ ਸੰਗਤਾਂ ਤੋਂ ਇਲਾਵਾ ਆਸ-ਪਾਸ ਨਗਰਾਂ ਤੋਂ ਪਹੁੰਚੀਆਂ ਸੰਗਤਾਂ ਨੇ ਭਰਵੀਂ ਸ਼ਮੂਲੀਅਤ ਕੀਤੀ | ਇਸ ਦੌਰਾਨ ਵੱਖ-ਵੱਖ ਸੰਸਥਾਵਾਂ ਅਤੇ ਪਿੰਡ ਵਾਸੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੁੰਦਿਆਂ ਸੁੰਦਰ ਰੁਮਾਲੇ ਭੇਂਟ ਕੀਤੇ ਉਥੇ ਪੰਜ ਪਿਆਰਿਆਂ ਨੂੰ ਸਿਰਪਾਓ ਭੇਂਟ ਕਰਕੇ ਉਨ੍ਹਾਂ ਦਾ ਮਾਣ ਸਨਮਾਨ ਕੀਤਾ ਅਤੇ ਸੰਗਤਾਂ ਲਈ ਵੱਖ-ਵੱਖ ਪਦਾਰਥਾਂ ਦੇ ਲੰਗਰ ਲਗਾਏ ਗਏ | ਇਸ ਦੌਰਾਨ ਜਥੇਦਾਰ ਭਾਈ ਅਮਰੀਕ ਸਿੰਘ ਕੋਟਸ਼ਮੀਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਬੱਲੂਆਣਾ ਦੀ ਰਹਿਨੁਮਾਈ ਹੇਠ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਗੱਤਕਾ ਟੀਮ ਵਲੋਂ ਪੁਰਾਤਨ ਸ਼ਾਸਤਰ ਵਿੱਦਿਆ ਦੇ ਜੌਹਰ ਦਿਖਾਏ ਗਏ | ਰਾਗੀ ਸਿੰਘਾਂ ਵਲੋਂ ਹਰਜਸ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ | ਉਧਰ ਸਿੱਖ ਵੈੱਲਫੇਅਰ ਕਮੇਟੀ ਅਬਲੂ ਵਲੋਂ ਨਗਰ ਦੀ ਸਾਫ਼ ਸਫ਼ਾਈ ਲਈ ਯੋਗ ਉਪਰਾਲੇ ਕੀਤੇ ਗਏ | ਜਥੇਦਾਰ ਬਾਬਾ ਮੇਵਾ ਸਿੰਘ ਕਾਰ ਸੇਵਾ ਦਿੱਲੀ, ਹੈਡ ਗ੍ਰੰਥੀ ਭਾਈ ਤਰਸੇਮ ਸਿੰਘ ਨੇ ਨਗਰ ਕੀਰਤਨ ਵਿਚ ਸ਼ਾਮਲ ਸੰਗਤਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਦੀ ਵਧਾਈ ਦਿੰਦੇ ਹੋਏ ਗੁਰੂ ਸਾਹਿਬ ਦੇ ਦਿੱਤੇ ਸਿਧਾਂਤਾਂ 'ਤੇ ਚੱਲਣ ਦੀ ਅਪੀਲ ਕੀਤੀ | ਇਸ ਮੌਕੇ ਸਿੱਖ ਵੈਲਫੇਅਰ ਕਮੇਟੀ, ਗ੍ਰਾਮ ਪੰਚਾਇਤ, ਸਮੂਹ ਸਾਧ ਸੰਗਤ ਪਿੰਡ ਅਬਲੂ ਅਤੇ ਭਾਈ ਮਨਦੀਪ ਸਿੰਘ ਅਬਲੂ ਹਾਜ਼ਰ ਸਨ |