ਸੰਗਤ ਮੰਡੀ, 3 ਜਨਵਰੀ (ਅੰਮਿ੍ਤਪਾਲ ਸ਼ਰਮਾ, ਸੁਖਤੇਜ ਧਾਲੀਵਾਲ)- ਬਠਿੰਡਾ-ਡੱਬਵਾਲੀ ਮੁੱਖ ਮਾਰਗ 'ਤੇ ਪੈਂਦੇ ਜੱਸੀ ਟੋਲ ਪਲਾਜ਼ਾ 'ਤੇ ਟੋਲ ਵਸੂਲਣ ਦਾ ਕੰਮ ਚਾਲੂ ਕੀਤਾ ਜਾ ਚੁੱਕਾ ਹੈ, ਜਿਥੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ | ਟੋਲ ਵਸੂਲਣ ਵਾਲੀ ਕੰਪਨੀ ਹੁਲੇ ਕੰਸਟ੍ਰਕਸ਼ਨਜ਼ ਪ੍ਰਾਈਵੇਟ ਲਿਮਟਿਡ ਦੇ ਜਨਰਲ ਮੈਨੇਜਰ ਅਸ਼ਰਫ਼ੀ ਲਾਲ ਨੇ ਦੱਸਿਆ ਕਿ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਵਲੋਂ ਬਣਾਈ ਭਾਰਤ ਮਾਲਾ ਸੜਕ ਯੋਜਨਾ ਤਹਿਤ ਜੱਸੀ ਟੋਲ ਪਲਾਜ਼ਾ ਦੀ ਮਨਜ਼ੂਰੀ ਅਨੁਸਾਰ ਟੋਲ ਵਸੂਲਣ ਦਾ ਕੰਮ ਬੀਤੀ ਸ਼ਾਮ ਤੋਂ ਚਾਲੂ ਕਰ ਦਿੱਤਾ ਗਿਆ ਹੈ ਪ੍ਰੰਤੂ ਫਾਸਟਟੈਗ ਨਾ ਹੋਣ ਕਾਰਨ ਬਹੁਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਰਹੀਆਂ ਹਨ ਅਤੇ ਫਾਸਟਟੈਗ ਵਾਲੇ ਰਸਤੇ ਖ਼ਾਲੀ ਪਏ ਹਨ | ਉਨ੍ਹਾਂ ਦੱਸਿਆ ਕਿ ਅਜੇ ਤੱਕ ਆਸਪਾਸ ਦੇ ਲੋਕਾਂ ਲਈ ਟੋਲ ਮੁਫ਼ਤ ਕੀਤਾ ਹੈ ਪ੍ਰੰਤੂ 5 ਜਨਵਰੀ ਤੋਂ ਪਲਾਜ਼ਾ ਨੇੜਲੇ 20 ਕਿੱਲੋਮੀਟਰ ਏਰੀਆ ਵਾਸੀਆਂ ਦੇ ਅਧਾਰ ਕਾਰਡ ਅਤੇ ਗੱਡੀ ਦੀ ਰਜਿਸਟੇ੍ਰਸ਼ਨ ਕਾਪੀ ਦੇ ਅਧਾਰ 'ਤੇ ਪਾਸ ਬਣਾਏ ਜਾਣਗੇ | ਪਿੰਡ ਗੁਰਥੜੀ ਦੇ ਸਾਬਕਾ ਸਰਪੰਚ ਧਰਮਪਾਲ ਸਿੰਘ, ਗੁਰਵਿੰਦਰ ਢਿੱਲੋਂ ਭਗਵਾਨਗੜ੍ਹ ਅਤੇ ਸਮਾਜਸੇਵੀ ਬਲਵੀਰ ਸਿੰਘ ਬੀਰਾ ਨੇ ਦੱਸਿਆ ਕਿ ਭਾਰਤ ਮਾਲਾ ਸੜਕ 'ਤੇ ਪਿੰਡ ਗੁਰਥੜੀ ਨੇੜੇ ਅਧੂਰੇ ਪਏ ਪੁਲ ਦੇ ਬਾਵਜੂਦ ਟੋਲ ਵਸੂਲਣਾ ਲੋਕਾਂ ਤੋ ਜਬਰੀ ਵਸੂਲੀ ਕਰਨ ਵਾਲੀ ਗੱਲ ਹੈ, ਜਦੋਂ ਕਿ ਉਕਤ ਅਧੂਰੇ ਪਏ ਪੁਲ ਕਾਰਨ ਵਾਪਰੇ ਵੱਖ-ਵੱਖ ਸੜਕ ਹਾਦਸਿਆਂ 'ਚ ਤਿੰਨ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ ਅਤੇ ਧੁੰਦ ਦੇ ਮੌਸਮ 'ਚ ਇਕ ਹੀ ਸੜਕ 'ਤੇ ਆਵਾਜਾਈ ਕਾਰਨ ਹਾਦਸਿਆਂ ਦਾ ਖ਼ਤਰਾ ਬਣਿਆ ਹੋਇਆ ਹੈ ਪ੍ਰੰਤੂ ਨੈਸ਼ਨਲ ਹਾਈਵੇਅ ਅਥਾਰਟੀ ਇਸ ਵੱਲ ਧਿਆਨ ਦੇਣ ਦੀ ਥਾਂ ਟੋਲ ਵਸੂਲਣ ਨੂੰ ਪਹਿਲ ਦੇ ਰਹੀ ਹੈ | ਨੈਸ਼ਨਲ ਹਾਈਵੇਅ ਅਥਾਰਟੀ ਦੇ ਪ੍ਰੋਜੈਕਟ ਡਾਇਰੈਕਟਰ ਸੰਜੀਵ ਕੁਮਾਰ ਨੇ ਦੱਸਿਆ ਕਿ ਪਿੰਡ ਗੁਰਥੜੀ ਦੇ ਪੁਲ ਬਣਨ 'ਚ ਦੇਰੀ ਦਾ ਕਾਰਨ ਜ਼ਮੀਨੀ ਸਟੇਅ ਸੀ, ਜਿਸ ਦਾ ਫੈਸਲਾ ਹੋ ਚੁੱਕਾ ਹੈ ਪ੍ਰੰਤੂ ਮਾਨਯੋਗ ਹਾਈਕੋਰਟ ਵੱਲੋਂ ਦਰਖ਼ਤ ਕੱਟਣ 'ਤੇ ਲਗਾਈ ਪਾਬੰਦੀ ਕਾਰਨ ਪੁਲ ਬਣਨ 'ਚ ਦੇਰੀ ਹੋਈ ਹੈ | ਉਨ੍ਹਾਂ ਦੱਸਿਆ ਕਿ ਸਬੰਧਿਤ ਹਦਾਇਤਾਂ ਪੂਰੀਆਂ ਹੋਣ ਤੋਂ ਬਾਅਦ ਹੀ ਟੋਲ ਵਸੂਲਣ ਦਾ ਕੰਮ ਚਾਲੂ ਕੀਤਾ ਗਿਆ ਹੈ ਪ੍ਰੰਤੂ 20 ਕਿੱਲੋਮੀਟਰ ਨੇੜਲੇ ਇਲਾਕਿਆਂ ਦੇ ਲੋਕਾਂ ਤੋਂ ਟੋਲ ਨਹੀਂ ਵਸੂਲਿਆ ਜਾਵੇਗਾ |
ਬਠਿੰਡਾ-ਡੱਬਵਾਲੀ ਮੁੱਖ ਮਾਰਗ 'ਤੇ ਜੱਸੀ ਟੋਲ ਪਲਾਜ਼ਾ ਹੋਇਆ ਚਾਲੂ <br/>
ਅਜੀਤ ਡੈਸਕ
04-01-2026