ਬਠਿੰਡਾ, 3 ਜਨਵਰੀ (ਪ੍ਰੀਤਪਾਲ ਸਿੰਘ ਰੋਮਾਣਾ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਗੁਰੂ ਨਾਨਕ ਪੁਰਾ ਸੇਵਾ ਦਲ ਗੁਰਦੁਆਰਾ ਸਾਹਿਬ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਜਾਇਆ ਗਿਆ | ਪੰਜ ਪਿਆਰਿਆਂ ਦੀ ਅਗਵਾਈ ਵਿਚ ਗੁਰੂ ਨਾਨਕਪੁਰਾ ਮੁਹੱਲੇ ਤੋਂ ਸ਼ੁਰੂ ਹੋਏ ਇਸ ਨਗਰ ਕੀਰਤਨ ਦੀ ਸ਼ੁਰੂਆਤ ਸਮੇਂ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਅਜਮੇਰ ਸਿੰਘ ਨੇ ਅਰਦਾਸ ਕੀਤੀ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਕਮੇਟੀ ਮੈਂਬਰ ਮਾ. ਮਾਨ ਸਿੰਘ, ਸੁਰਜੀਤ ਸਿੰਘ ਫੂਡ ਸਪਲਾਈ ਅਤੇ ਸਾਬਕਾ ਐਸਜੀਪਸੀ ਮੈਂਬਰ ਬੀਬੀ ਦਵਿੰਦਰ ਕੌਰ ਵਲੋਂ ਨਗਰ ਕੀਰਤਨ ਵਿਚ ਪਹੁੰਚਿਆ ਸੰਗਤਾਂ ਦਾ ਧੰਨਵਾਦ ਕੀਤਾ ਗਿਆ | ਇਸ ਦੌਰਾਨ ਨਿਸ਼ਾਨ-ਏ ਖ਼ਾਲਸਾ ਗੱਤਕਾ ਗਰੁੱਪ ਤਰਨਤਾਰਨ ਸਾਹਿਬ ਦੇ ਜੰਗਜੂਆਂ ਨੇ ਗੱਤਕੇ ਦੇ ਜੌਹਰ ਦਿਖਾਏ ਗਏ | ਇਸ ਮਹਾਨ ਨਗਰ ਕੀਰਤਨ 'ਚ ਗੁਰੂ ਸਾਹਿਬ ਦੇ ਵਸਤਰ ਅਤੇ ਪ੍ਰਦਰਸ਼ਨੀਆਂ ਦੇ ਸੰਗਤਾਂ ਨੂੰ ਦਰਸ਼ਨ ਕਰਵਾਏ ਗਏ | ਗੁਰਦੁਆਰਾ ਸਾਹਿਬ ਦੇ ਹਜੂਰੀ ਰਾਗੀ ਜੱਥੇ ਭਾਈ ਸਿਕੰਦਰ ਸਿੰਘ ਵਲੋਂ ਰਸਭਿੰਨੇ ਗੁਰਬਾਣੀ ਜਸ ਕੀਰਤਨ ਗਾਇਣ ਕਰਦੇ ਹੋਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨੀ ਤੇ ਗੁਰਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ | ਨਗਰ ਕੀਰਤਨ ਵਿਚ ਸ਼ਾਮਿਲ ਭਾਰੀ ਗਿਣਤੀ ਸੰਗਤਾਂ ਲਈ ਸ਼ਰਧਾਲੂਆਂ ਵਲੋਂ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਬੜੀ ਸ਼ਰਧਾ ਭਾਵਨਾ ਨਾਲ ਸਵਾਗਤ ਕਰਦੇ ਹੋਏ ਚਾਹ ਪਕੌੜਿਆਂ, ਫਲਾਂ ਤੋਂ ਇਲਾਵਾ ਪ੍ਰਸ਼ਾਦੇ ਦਾ ਲੰਗਰ ਲਗਾਏ ਗਏ | ਗੁਰਦੁਆਰਾ ਸਾਹਿਬ ਦੇ ਕਮੇਟੀ ਮੈਂਬਰ ਮਾਸਟਰ ਮਾਨ ਸਿੰਘ ਨੇ ਦੱਸਿਆ ਕਿ ਇਹ ਨਗਰ ਕੀਰਤਨ ਮੁਹੱਲਾ ਗੁਰੂ ਨਾਨਕ ਪੁਰਾ ਤੋਂ ਸ਼ੁਰੂ ਹੁੰਦਾ ਹੋਇਆ ਕਿੱਕਰ ਦਾਸ ਮੁਹੱਲਾ, ਮਿੰਨੀ ਸੈਕਟਰੀ ਰੋਡ, ਬੱਸ ਸਟੈਂਡ, ਫ਼ੌਜੀ ਚੌਕ, ਅਜੀਤ ਰੋਡ, ਬੀਬੀ ਵਾਲਾ ਰੋਡ, ਮਾਲ ਰੋਡ, ਧੋਬੀ ਬਾਜ਼ਾਰ, ਸਿਰਕੀ ਬਾਜ਼ਾਰ ਹੰੁਦਿਆਂ ਹੋਇਆ ਵਾਪਸ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ | ਇਸ ਮੌਕੇ ਨਗਰ ਕੀਰਤਨ 'ਚ ਵੱਡੀ ਗਿਣਤੀ ਸੰਗਤਾਂ ਅਤੇ ਅਹੁਦੇਦਾਰਾਂ ਨੇ ਆਪਣੀ ਹਾਜ਼ਰੀ ਲਗਵਾਈ |